ਜ਼ੀਰਾ,19 ਨਵੰਬਰ (ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ | ਇਸ ਮੀਟਿੰਗ ਵਿਚ ਪੰਜਾਬ ਦੇ ਐਗਜ਼ੈਕਟਿਵ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ, ਹਰਪ੍ਰੀਤ ਸਿੰਘ ਲੌਂਗੋਦੇਵਾ ਆਦਿ ਕਿਸਾਨ ਆਗੂ ਅਤੇ ਵਰਕਰ ਸ਼ਾਮਿਲ ਹੋਏ | ਇਸ ਦੌਰਾਨ ਪਿਛਲੇ ਦਿਨੀਂ ਤਹਿਸੀਲਦਾਰ ਜ਼ੀਰਾ ਨਾਲ ਚੱਲ ਰਹੇ ਵਿਵਾਦ ਨੂੰ ਖ਼ਤਮ ਕਰਾਉਣ ਲਈ ਧਰਨੇ ਵਿਚ ਪਹੁੰਚੇ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ | ਇਸ ਦੌਰਾਨ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਾਵਰ ਕਾਮ ਵਲੋਂ ਕਿਸਾਨਾਂ ਦੇ ਖੇਤਾਂ ਵਿਚ ਬਿਜਲੀ ਦੀ ਸਪਲਾਈ ਜੋ ਇਸ ਸਮੇਂ 5 ਘੰਟੇ ਰੋਜ਼ਾਨਾ ਛੱਡੀ ਜਾ ਰਹੀ ਹੈ | ਉਸ ਨਾਲ ਪਾਣੀ ਅਤੇ ਬਿਜਲੀ ਦੋਵਾਂ ਕੀਮਤੀ ਸਰੋਤਾਂ ਨੁਕਸਾਨ ਹੋ ਰਿਹਾ ਹੈ | ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ 8 ਜਾਂ 10 ਘੰਟੇ ਰੋਜ਼ਾਨਾ ਦਿੱਤੀ ਜਾਵੇ | ਜੇਕਰ ਸਰਕਾਰ ਅਜਿਹਾ ਨਹੀਂ ਕਰ ਸਕਦੀ ਤਾਂ ਬੇਸ਼ੱਕ ਇਕ ਦਿਨ ਛੱਡ ਕੇ ਬਿਜਲੀ ਦਿੱਤੀ ਜਾਵੇ ਪਰ 8 ਘੰਟੇ ਪੂਰੀ ਬਿਜਲੀ ਦਿੱਤੀ ਜਾਵੇ | ਉਹਨਾਂ ਕਿਹਾ ਕਿ ਘੱਟ ਸਮਾਂ ਬਿਜਲੀ ਛੱਡਣ ਨਾਲ ਕਿਸਾਨਾਂ ਨੂੰ ਵਾਰ-ਵਾਰ ਖੇਤਾਂ ਨੂੰ ਪਾਣੀ ਲਾਉਣਾ ਪੈਂਦਾ ਹੈ | ਜਿਸ ਨਾਲ ਬਿਜਲੀ ਅਤੇ ਪਾਣੀ ਦੋਹਾਂ ਦੀ ਬਰਬਾਦੀ ਹੋ ਰਹੀ ਹੈ | ਇਸ ਮੌਕੇ 'ਤੇ ਬਲਾਕ ਆਗੂ ਮੋਹਨ ਸਿੰਘ ਨੰਬਰਦਾਰ, ਮਨਦੀਪ ਸਿੰਘ ਅਲੀਪੁਰ, ਅੰਮਿ੍ਤਪਾਲ ਸਿੰਘ, ਗੁਰਪ੍ਰੀਤ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ, ਜਸਪ੍ਰੀਤ ਸਿੰਘ ਲੌਂਗੋਦੇਵਾ, ਸੁਖਦੇਵ ਸਿੰਘ ਵਾੜਾ ਚੈਨ ਸਿੰਘ, ਆਤਮਾ ਸਿੰਘ ਮਨਸੂਰਦੇਵਾ, ਬਲਕਾਰ ਸਿੰਘ ਸਾਬਕਾ ਸਰਪੰਚ ਵਕੀਲਾਂ ਵਾਲਾ, ਮਹਿੰਦਰ ਸਿੰਘ, ਵਿਕੀ ਨਾਰੰਗ ਜ਼ੀਰਾ, ਤਰਸੇਮ ਸਿੰਘ ਰੂਪ, ਭੁਪਿੰਦਰ ਸਿੰਘ ਬਲਾਕ ਪ੍ਰਧਾਨ ਮੱਖੂ, ਗੁਰਸਾਹਿਬ ਸਿੰਘ, ਸੁੱਚਾ ਸਿੰਘ ਨੂਰਪੁਰ, ਗੁਰਦੇਵ ਸਿੰਘ ਮਾਛੀਵਾੜਾ, ਗੁਰਚਰਨ ਸਿੰਘ ਬਾਜਵਾ ਆਦਿ ਹਾਜ਼ਰ ਸਨ |