ਫ਼ਿਰੋਜ਼ਪੁਰ, 19 ਨਵੰਬਰ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਚ ਚੱਲ ਰਹੀ 'ਯੁਵਾ ਆਪਦਾ ਮਿੱਤਰਾ' ਟਰੇਨਿੰਗ ਤਹਿਤ ਅੱਜ ਚੌਥੇ ਦਿਨ ਟਰੇਨਿੰਗ ਦੌਰਾਨ ਕਮਿਊਨਿਟੀ ਬੇਸਡ ਫ਼ਸਟ ਏਡ, ਬੇਸਿਕ ਲਾਈਫ਼ ਸਪੋਰਟ (ਬੀ.ਐਲ.ਐੱਸ) ਅਤੇ ਕਾਰਡੀਓਪਲਮੋਨਰੀ ਰੀਸਸਿਟੇਸ਼ਨ (ਸੀ.ਪੀ.ਆਰ) ਦੇ ਸਿਧਾਂਤਕ 'ਤੇ ਪ੍ਰੈਕਟੀਕਲ ਸੈਸ਼ਨ ਕਰਵਾਏ ਗਏ | ਇਹ ਟਰੇਨਿੰਗ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ (ਮਗਸੀਪਾ) ਚੰਡੀਗੜ੍ਹ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ | ਮਗਸੀਪਾ ਚੰਡੀਗੜ੍ਹ ਦੇ ਜਨਰਲ ਮੈਨੇਜਰ ਆਫ਼ ਡਿਜਾਸਟਰ ਮੈਨੇਜਮੈਂਟ ਕਰਨਲ ਦਲਬੀਰ ਸਿੰਘ ਦੇ ਮਾਰਗ ਦਰਸ਼ਨ ਹੇਠ ਸਫਲਤਾਪੂਰਵਕ ਕਰਵਾਈ ਜਾ ਰਹੀ ਟਰੇਨਿੰਗ ਦੌਰਾਨ ਟੀਮ ਨੇ ਵਿਸ਼ੇਸ਼ ਤੌਰ 'ਤੇ ਰੋਜ਼ਮਰ੍ਹਾ ਜੀਵਨ ਵਿਚ ਹੋਣ ਵਾਲੀਆਂ ਐਮਰਜੈਂਸੀ ਸਥਿਤੀਆਂ, ਹਾਦਸਿਆਂ ਦੌਰਾਨ ਤੁਰੰਤ ਮਦਦ ਦੇਣ ਦੇ ਤਰੀਕੇ, ਜੀਵਨ ਬਚਾਉਣ ਵਾਲੀਆਂ ਮੁੱਢਲੀਆਂ ਤਕਨੀਕਾਂ ਅਤੇ ਸਮਾਜ ਵਿਚ ਸੁਰੱਖਿਆ ਜਾਗਰੂਕਤਾ ਵਧਾਉਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ | ਟਰੇਨਿੰਗ ਨੂੰ ਸਫਲ ਬਣਾਉਣ ਲਈ ਮਗਸੀਪਾ ਚੰਡੀਗੜ੍ਹ ਦੀ ਟਰੇਨਿੰਗ ਟੀਮ, ਜਿਸ ਵਿਚ ਅਮਰਿੰਦਰ ਸਿੰਘ, ਜਸਬੀਰ ਸਿੰਘ ਕੈਪਟਨ (ਰਿਟਾਇਰਡ), ਅਮਨ ਮਨਕੋਟੀਆ, ਸੁਮਿਤ ਸਿੰਘ, ਮਹਿਕ ਪ੍ਰੀਤ ਸਿੰਘ, ਜਸਵੀਰ ਸਿੰਘ, ਜੌਨਸਨ, ਨਰਿੰਦਰ ਸਿੰਘ ਅਤੇ ਰਮਨਦੀਪ ਸਿੰਘ ਸ਼ਾਮਲ ਹਨ, ਜੋ ਟਰੇਨਿੰਗ ਵਿਚ ਵਲੰਟੀਅਰਾਂ ਨੂੰ ਮਿਹਨਤ ਅਤੇ ਲਗਨ ਨਾਲ ਸਿਖਲਾਈ ਦੇ ਰਹੇ ਹਨ | ਇਸ ਟਰੇਨਿੰਗ ਵਿਚ ਭਾਗ ਲੈ ਰਹੇ ਲਗਭਗ 150 ਐਨ.ਐੱਸ.ਐੱਸ ਵਲੰਟੀਅਰ ਉਤਸ਼ਾਹ ਅਤੇ ਬੇਹੱਦ ਰੁਚੀ ਨਾਲ ਸਾਰੇ ਪ੍ਰੈਕਟੀਕਲ ਅਭਿਆਸ ਕੀਤੇ ਜਾ ਰਹੇ ਹਨ | ਵਲੰਟੀਅਰਾਂ ਨੇ ਕਿਹਾ ਕਿ ਇਹ ਟਰੇਨਿੰਗ ਉਹਨਾਂ ਨੂੰ ਨਾ ਕੇਵਲ ਸੁਰੱਖਿਆ ਪ੍ਰਤੀ ਜਾਗਰੂਕ ਬਣਾਉਂਦੀ ਹੈ, ਸਗੋਂ ਹਾਦਸਿਆਂ ਦੀ ਸਥਿਤੀ ਵਿਚ ਹੋਰਨਾਂ ਦੇ ਜੀਵਨ ਬਚਾਉਣ ਦੇ ਯੋਗ ਬਣਾਉਂਦੀ ਹੈ | ਉਨ੍ਹਾਂ ਦੱਸਿਆ ਕਿ ਟਰੇਨਿੰਗ ਦੇ ਅਗਲੇ ਦਿਨਾਂ ਵਿਚ ਵੀ ਵਲੰਟੀਅਰਾਂ ਨੂੰ ਵੱਖ-ਵੱਖ ਆਪਦਾ ਪ੍ਰਬੰਧਨ ਤਕਨੀਕਾਂ, ਰੈਸਕਿਊ ਮੈਥਡਸ ਅਤੇ ਐਮਰਜੈਂਸੀ ਰਿਸਪਾਂਸ ਪ੍ਰੋਟੋਕੋਲਾਂ ਬਾਰੇ ਹੋਰ ਵਿਸਥਾਰ ਨਾਲ ਸਿਖਲਾਈ ਦਿੱਤੀ ਜਾਵੇਗੀ |