ਤਲਵੰਡੀ ਭਾਈ, 18 ਨਵੰਬਰ (ਕੁਲਜਿੰਦਰ ਸਿੰਘ ਗਿੱਲ)-ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਪਿੰਡਾਂ ਅੰਦਰ ਖੇਡ ਮੈਦਾਨਾਂ ਦਾ ਨਿਰਮਾਣ ਅੱਜ ਤੋਂ ਆਰੰਭ ਹੋ ਗਿਆ ਹੈ ਜਿਸ ਦੀ ਰਸਮੀ ਆਰੰਭਤਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਨੇ ਪਿੰਡ ਠੇਠਰ ਕਲਾਂ ਵਿਖੇ ਖੇਡ ਮੈਦਾਨ ਦਾ ਨੀਂਹ ਪੱਥਰ ਰੱਖ ਕੇ ਕੀਤੀ | ਪਿੰਡ ਠੇਠਰ ਕਲਾਂ ਵਿਖੇ ਹੋਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਦਹੀਯਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੋਕਾਂ ਨੂੰ ਵੱਖ-ਵੱਖ ਖੇਡਾਂ ਨਾਲ ਜੁੜਨ ਅਤੇ ਕਸਰਤ ਵਗ਼ੈਰਾ ਨਾਲ ਜੋੜਨ ਲਈ ਸਮੁੱਚੇ ਪੰਜਾਬ ਅੰਦਰ ਖੇਡ ਮੈਦਾਨ ਬਣਾਉਣ ਦਾ ਪਹਿਲਾ ਪੜਾਅ ਆਰੰਭ ਕੀਤਾ ਗਿਆ ਹੈ | ਜਿਸ ਤਹਿਤ ਹਲਕਾ ਫ਼ਿਰੋਜ਼ਪੁਰ ਦਿਹਾਤੀ ਅੰਦਰ 31 ਖੇਡ ਮੈਦਾਨ ਬਣਾਏ ਜਾਣਗੇ, ਜਿਸ ਲਈ ਸਮੁੱਚੀ ਪ੍ਰਕਿਰਿਆ ਮੁਕੰਮਲ ਕਰਕੇ ਲੋੜੀਂਦੀ ਰਾਸ਼ੀ ਜਾਰੀ ਤੋਂ ਬਾਅਦ ਨਿਰਮਾਣ ਕੰਮ ਆਰੰਭ ਕਰਵਾਇਆ ਜਾ ਰਿਹਾ | ਜਿਸ ਦੇ ਚੱਲਦਿਆਂ ਅੱਜ ਪਹਿਲੇ ਦਿਨ ਪਿੰਡ ਠੇਠਰ ਕਲਾਂ, ਸੁਲਹਾਣੀ, ਜਵਾਹਰ ਸਿੰਘ ਵਾਲਾ ਅਤੇ ਲੋਹਾਮ ਵਿਖੇ ਖੇਡ ਮੈਦਾਨ ਦੇ ਨੀਂਹ ਪੱਥਰ ਰੱਖੇ ਜਾ ਰਹੇ | ਉਨ੍ਹਾਂ ਦੱਸਿਆ ਕਿ ਠੇਠਰ ਕਲਾਂ ਵਿਖੇ ਬਣਨ ਵਾਲੇ ਖੇਡ ਮੈਦਾਨ 'ਤੇ ਸਾਢੇ 32 ਲੱਖ ਰੁਪਏ ਖ਼ਰਚ ਆਉਣਗੇ ਅਤੇ ਵੱਖ-ਵੱਖ ਖੇਡਾਂ ਤੋਂ ਇਲਾਵਾ ਰਨਿੰਗ ਟਰੈਕ ਅਤੇ ਖਿਡਾਰੀਆਂ ਨੂੰ ਮੈਦਾਨ ਦੇ ਅੰਦਰ ਹੀ ਸਮੁੱਚੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ | ਇਸ ਮੌਕੇ 'ਤੇ ਠੇਠਰ ਕਲਾਂ ਦੇ ਸਰਪੰਚ ਪਲਵਿੰਦਰ ਸਿੰਘ ਗਿੱਲ ਨੇ ਸਵਾਗਤੀ ਸ਼ਬਦ ਕਹਿੰਦਿਆਂ ਆਧੁਨਿਕ ਖੇਡ ਮੈਦਾਨ ਦੀ ਮਨਜ਼ੂਰੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਜਦਕਿ ਇਸ ਸਮੇਂ ਸਿਮਰਜੀਤ ਸਿੰਘ ਸਿੱਧੂ ਸਰਪੰਚ ਠੇਠਰ ਖ਼ੁਰਦ ਨੇ ਵੀ ਵਿਚਾਰ ਰੱਖੇ | ਇਸ ਮੌਕੇ 'ਤੇ ਗੁਰਪ੍ਰੀਤਮ ਸਿੰਘ ਐੱਸ.ਡੀ.ਓ ਪੰਚਾਇਤੀ ਰਾਜ, ਸਰਬਜੀਤ ਸਿੰਘ ਬੀ.ਡੀ.ਪੀ ਓ ਘੱਲ, ਬਲਜਿੰਦਰ ਸਿੰਘ ਜੇਈ, ਜਗਸੀਰ ਸਿੰਘ ਪੰਚਾਇਤ ਸਕੱਤਰ, ਇਸ਼ਾਨ ਚਾਵਲਾ ਤਕਨੀਕੀ ਸਹਾਇਕ, ਜਗਪਾਲ ਸਿੰਘ ਪੰਚਾਇਤ ਸਕੱਤਰ, ਗੁਰਜੰਟ ਸਿੰਘ ਖੋਸਾ ਸਰਪੰਚ ਭੋਲੂਵਾਲਾ, ਰਾਮਪਾਲ ਸਿੰਘ ਗਿੱਲ, ਕੰਵਲਜੀਤ ਸਿੰਘ, ਸਰਪੰਚ ਅਮਰਦੀਪ ਸਿੰਘ ਲੱਲੇ, ਗੁਰਭੇਜ ਸਿੰਘ ਮੈਂਬਰ ਪੰਚਾਇਤ, ਸੁਖਪ੍ਰੀਤ ਸਿੰਘ ਪੰਚ, ਲਖਵਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ, ਅਮਨਦੀਪ ਕੌਰ ਪੰਚ, ਹਰਜਿੰਦਰ ਸਿੰਘ ਪੰਚ, ਨਿਰਮਲ ਨੰਬਰਦਾਰ, ਰਾਜਪ੍ਰੀਤ ਸਿੰਘ, ਰਾਜਪਾਲ ਸਿੰਘ, ਬਲਜੀਤ ਸਿੰਘ ਸਿੱਧੂ, ਹਰਜੀਤ ਸਿੰਘ ਆਦਿ ਮੌਜੂਦ ਸਨ |