ਫ਼ਿਰੋਜ਼ਪੁਰ, 19 ਨਵੰਬਰ (ਰਾਕੇਸ਼ ਚਾਵਲਾ, ਸੁਖਵਿੰਦਰ ਸਿੰਘ)-ਆਰ.ਐੱਸ.ਐੱਸ ਆਗੂ ਦੀਨਾ ਨਾਥ ਦੇ ਪੋਤਰੇ ਨਵੀਨ ਅਰੋੜਾ ਦੀ ਭਰੇ ਬਾਜ਼ਾਰ ਹੱਤਿਆ ਨੂੰ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਟਾਰਗੇਟ ਕਿਲਿੰਗ ਕਹਿੰਦੇ ਹੋਏ ਪੰਜਾਬ ਦੀ ਭਾਈਚਾਰਕ ਸਾਂਝ ਤੋੜਨ ਦੀ ਸਾਜ਼ਿਸ਼ ਦੱਸਿਆ ਹੈ | ਉਨ੍ਹਾਂ ਕਿਹਾ ਕਿ ਸਾਧਾਰਨ ਅਤੇ ਸਾਊ ਪਰਿਵਾਰ ਦੇ ਨਵੀਨ ਅਰੋੜਾ ਦਾ ਕਤਲ ਕਰਨ ਪਿੱਛੇ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਹੈ, ਚਾਰ ਦਿਨ ਬੀਤਣ ਉਪਰੰਤ ਵੀ ਹਤਿਆਰੇ ਪੁਲਿਸ ਦੇ ਸ਼ਿਕੰਜੇ ਤੋਂ ਬਾਹਰ ਹਨ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਗੈਂਗਸਟਰ ਵਲੋਂ ਸਮਾਂਤਰ ਆਪਣਾ ਰਾਜ ਚਲਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਦੋ ਚੀਜ਼ਾਂ ਦਾ ਜ਼ੋਰ ਹੈ ਇਕ ਨਸ਼ਾ ਅਤੇ ਦੂਜਾ ਹਥਿਆਰਾਂ ਦਾ | ਉਨ੍ਹਾਂ ਕਿਹਾ ਕਿ ਪਹਿਲਾਂ ਆਰ.ਐੱਸ.ਐੱਸ ਆਗੂ ਜਗਦੀਸ਼ ਗਗਨੇਜਾ, ਫਿਰ ਵਿਕਾਸ ਬੱਗਾ ਅਤੇ ਹੁਣ ਨਵੀਨ ਅਰੋੜਾ ਦੀ ਹੱਤਿਆ ਇਕ ਸਮਾਨ ਤਰੀਕੇ ਨਾਲ ਹੋਈ ਹੈ ਜੋ ਕਿ ਕਿਸੇ ਵੱਡੀ ਸਾਜ਼ਿਸ਼ ਦਾ ਸੰਕੇਤ ਜਾਪਦੀ ਹੈ ਜੋ ਪੰਜਾਬ ਦੇ ਭਾਈਚਾਰੇ ਨੂੰ ਖ਼ਰਾਬ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਅਸਫਲ ਸਿੱਧ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਬੇਹੱਦ ਚਿੰਤਾਜਨਕ ਹੈ ਅਤੇ ਇਸ ਗੰਭੀਰ ਮਸਲੇ ਤੇ ਸਰਕਾਰ ਦੀ ਚੁੱਪੀ ਹੋਰ ਵੀ ਚਿੰਤਾ ਪੈਦਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਪਹਿਚਾਣ ਹੋਵੇ ਅਤੇ ਜੋ ਲੋਕ ਰਾਜ ਵਿਚ ਜ਼ਹਿਰ ਬੀਜ ਰਹੇ ਹਨ ਉਨ੍ਹਾਂ ਨੂੰ ਸਖ਼ਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ | ਭਾਜਪਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਦਿੱਲੀ ਦੀ ਲੀਡਰਸ਼ਿਪ ਅੱਗੇ ਗੋਡੇ ਟੇਕ ਰੱਖੇ ਹਨ ਜਿਸ ਕਾਰਨ ਉਨ੍ਹਾਂ ਦੀ ਪ੍ਰਸ਼ਾਸਨ 'ਤੇ ਕੋਈ ਪਕੜ ਨਹੀਂ ਹੈ ਅਤੇ ਪੰਜਾਬ ਦੀ ਜੋ ਵੀ ਦੁਰਗਤੀ ਹੋ ਰਹੀ ਹੈ ਉਸ ਲਈ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ | ਉਨ੍ਹਾਂ ਕਿਹਾ ਕਿ ਬਿਹਤਰ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪੰਜਾਬ ਛੱਡ ਜਾਣ ਕਿਉਂਕਿ ਪੰਜਾਬੀ ਪੰਜਾਬ ਨੂੰ ਸੰਭਾਲਣਾ ਜਾਣਦੇ ਹਨ | ਜਾਖੜ ਨੇ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਦਿੱਲੀ ਵਾਲੇ ਅਤੇ ਪੰਜਾਬ 'ਚ ਬੈਠੇ ਆਪ ਦੇ ਪਿੱਠੂ ਛੇਤੀ ਪੰਜਾਬ ਛੱਡ ਦੇਣ, ਪੰਜਾਬ ਵਿਚ ਅਸੀਂ ਆਪੇ ਅਮਨ ਸ਼ਾਂਤੀ ਕਾਇਮ ਕਰ ਲਵਾਂਗੇ | ਭਾਜਪਾ ਪ੍ਰਧਾਨ ਸੁਨੀਲ ਜਾਖੜ ਮਰਹੂਮ ਨਵੀਨ ਅਰੋੜਾ ਨੂੰ ਭੋਗ ਸਮੇਂ ਸ਼ਰਧਾਂਜਲੀ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ |