ਫਿਰੋਜ਼ਪੁਰ,7 ਨਵੰਬਰ (ਸੁਖਵਿੰਦਰ ਸਿੰਘ)-ਫਿਰੋਜ਼ਪੁਰ ਸ਼ਹਿਰ ਦੀ ਦਾਣਾ ਮੰਡੀ ਵਿਖੇ ਕੱਲ੍ਹ ਰਾਤ ਟਰੱਕ ਪਿੱਛੇ ਕਰਨ ਦੌਰਾਨ ਹੋਈ ਛੋਟੀ ਜਿਹੀ ਤਕਰਾਰ ਨੇ ਹਿੰਸਕ ਰੂਪ ਧਾਰਨ ਕਰ ਲਿਆ | ਭਗਵਤੀ ਸ਼ੈਲਰ, ਜੋ ਸ਼ਹਿਰ ਵਿਚ ਬਤੌਰ ਸੁਪਰਵਾਈਜ਼ਰ ਕੰਮ ਕਰਦਾ ਹੈ, ਨੇ ਦੱਸਿਆ ਕਿ ਉਸ ਦਾ ਪਿਤਾ ਜੋ ਟਰੱਕ ਡਰਾਈਵਰ ਹੈ | ਆਪਣੇ ਪੁੱਤਰ ਅਸ਼ਵਨੀ ਨਾਲ ਮਿਲ ਕੇ ਝੋਨੇ ਨਾਲ ਭਰੇ ਟਰੱਕ ਉੱਤੇ ਤਰਪਾਲ ਪਾਉਣ ਗਿਆ ਸੀ | ਤਰਪਾਲ ਪਾਉਣ ਤੋਂ ਬਾਅਦ ਜਦੋਂ ਉਹ ਗੱਡੀ ਬੈਕ ਕਰ ਰਹੇ ਸਨ | ਉਸ ਸਮੇਂ ਦੋ ਮੋਟਰਸਾਈਕਲਾਂ ਉੱਤੇ ਤਿੰਨ-ਤਿੰਨ ਵਿਅਕਤੀ ਬੈਠੇ ਹੋਏ ਬੜੀ ਤੇਜ਼ ਰਫ਼ਤਾਰ ਅਤੇ ਗ਼ਲਤ ਸਾਈਡ ਨਾਲ ਉੱਥੋਂ ਲੰਘੇ | ਮੁੱਦਈ ਨੇ ਉਨ੍ਹਾਂ ਨੂੰ ਹੌਲੀ ਚਲਾਉਣ ਲਈ ਕਿਹਾ, ਜਿਸ 'ਤੇ ਉਨ੍ਹਾਂ ਨੇ ਮੋਟਰਸਾਈਕਲ ਟਰੱਕ ਦੇ ਅੱਗੇ ਰੋਕ ਲਏ ਅਤੇ ਮਾੜਾ-ਚੰਗਾ ਬੋਲਣਾ ਸ਼ੁਰੂ ਕਰ ਦਿੱਤਾ | ਇਸ ਦੌਰਾਨ ਵਕੀਲ ਰਾਜਪੂਤ ਉਰਫ਼ ਵਕੀਲੀ ਨਾਂ ਦੇ ਵਿਅਕਤੀ ਅਤੇ ਉਸ ਦੇ ਸਾਥੀਆਂ ਨੇ ਮੁੱਦਈ ਅਤੇ ਉਸ ਦੇ ਪੁੱਤਰ ਅਸ਼ਵਨੀ ਨਾਲ ਮਾਰਕੁੱਟ ਕੀਤੀ ਅਤੇ ਉਨ੍ਹਾਂ ਨੂੰ ਸੱਟਾਂ ਮਾਰੀਆਂ | ਘਟਨਾ ਤੋਂ ਬਾਅਦ ਦੋਵੇਂ ਜ਼ਖ਼ਮੀ ਪਿਤਾ-ਪੁੱਤਰ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਸੰਨੀ ਪੁੱਤਰ ਰਾਜ ਕੁਮਾਰ ਵਾਸੀ ਰਾਮੇ ਵਾਲਾ ਨੇੜੇ ਡੀ.ਸੀ. ਮਾਡਲ ਸਕੂਲ ਦੇ ਬਿਆਨਾਂ ਦੇ ਆਧਾਰ 'ਤੇ ਵਕੀਲ ਰਾਜਪੂਤ ਉਰਫ਼ ਵਕੀਲੀ ਪੁੱਤਰ ਨਾਮਾਲੂਮ, ਰਾਜਨ ਸਹੋਤਾ ਉਰਫ਼ ਗੁਚੀ ਪੁੱਤਰ ਬੋਹੜ ਸਿੰਘ, ਜੋਰਾ ਪੁੱਤਰ ਤਰਸੇਮ ਸਿੰਘ ਵਾਸੀਆਂ ਨਿਊ ਜਨਤਾ ਪ੍ਰੀਤ ਨਗਰ ਫਿਰੋਜ਼ਪੁਰ ਸ਼ਹਿਰ 'ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ.ਐਨ.ਐੱਸ. ਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਰਾਵਾਂ ਹੇਠ ਸਿਟੀ ਥਾਣਾ ਫਿਰੋਜ਼ਪੁਰ ਵਿਚ ਮੁਕਦਮਾ ਦਰਜ ਕੀਤਾ | ਭਗਵਤੀ ਸ਼ੈਲਰ ਵਲੋਂ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |