ਫ਼ਿਰੋਜ਼ਪੁਰ, 7 ਨਵੰਬਰ (ਗੁਰਿੰਦਰ ਸਿੰਘ)-ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਡਾ. ਸ਼ਮਿੰਦਰ ਕੌਰ ਜ਼ਿਲ੍ਹਾ ਐਪੀਡਮੋਲਜਿਸਟ ਅਤੇ ਕੰਵਲਜੀਤ ਸਿੰਘ ਅਸਿਸਟੈਂਟ ਮਲੇਰੀਆ ਅਫ਼ਸਰ ਦੀ ਅਗਵਾਈ ਵਿਚ ਬਸਤੀ ਟੈਂਕਾਂ ਵਾਲੀ ਵਿਖੇ ਡਰਾਈ ਡੇਅ ਦੇ ਸਬੰਧ ਵਿਚ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਦੇ ਹੋਏ ਸਪਰੇ ਕਰਵਾਈ ਗਈ ਅਤੇ ਡੇਂਗੂ ਲਾਰਵੇ ਦੀ ਭਾਲ ਕੀਤੀ ਗਈ | ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨਰਿੰਦਰ ਸ਼ਰਮਾ, ਰਾਕੇਸ਼ ਕੁਮਾਰ, ਗੁਰਦੇਵ ਸਿੰਘ ਨਾਲ ਮਿਲ ਕੇ ਬਸਤੀ ਟੈਂਕਾਂ ਵਾਲੀ ਦੇ ਅਧੀਨ ਪੈਂਦੇ ਏਰੀਏ ਵਿਚ ਸਪਰੇ ਕਰਵਾ ਕੇ ਹਰ ਘਰ ਵਿਚ ਫ਼ਰਿਜ ਦੀ ਟਰੇਅ ਅਤੇ ਡੇਂਗੂ ਲਾਰਵੇ ਦੀ ਭਾਲ ਕਰਨ ਉਪਰੰਤ ਲੋਕਾਂ ਨੂੰ ਡੇਂਗੂ ਲਾਰਵੇ ਬਾਰੇ ਅਤੇ ਡੇਂਗੂ ਬੁਖ਼ਾਰ ਬਾਰੇ ਜਾਣਕਾਰੀ ਦਿੱਤੀ | ਇਸ ਦੌਰਾਨ ਡਾ. ਸ਼ਮਿੰਦਰ ਪਾਲ ਕੌਰ ਨੇ ਦੱਸਿਆ ਕਿ ਡੇਂਗੂ ਬਹੁਤ ਭਿਆਨਕ ਬਿਮਾਰੀ ਹੈ ਅਤੇ ਇਕ ਮੱਛਰ ਦੇ ਕੱਟਣ ਨਾਲ ਹੁੰਦੀ ਹੈ | ਇਹ ਮੱਛਰ ਆਮ ਤੌਰ 'ਤੇ ਦਿਨ ਸਮੇਂ ਕੱਟਦਾ ਹੈ | ਉਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਡੇਂਗੂ ਬੁਖ਼ਾਰ ਜਾਂ ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤਾਂ ਉਸ ਦਾ ਟੈੱਸਟ ਅਤੇ ਇਲਾਜ ਸਿਵਲ ਹਸਪਤਾਲ ਵਿਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ | ਉਹਨਾਂ ਦੱਸਿਆ ਕਿ ਸਾਨੂੰ ਡੇਂਗੂ ਤੋਂ ਬਚਣ ਲਈ ਆਪਣੇ ਆਲ਼ੇ ਦੁਆਲੇ ਦੀ ਸਫ਼ਾਈ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਦਿਨ ਸਮੇਂ ਪੂਰੀ ਬਾਂਹ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਅਤੇ ਮੱਛਰ ਮਾਰੂ ਕਰੀਮਾਂ ਤੇ ਯੰਤਰ ਦੀ ਵਰਤੋਂ ਕਰਨੀ ਚਾਹੀਦੀ ਹੈ | ਇਸ ਮੌਕੇ ਸੁਨੀਲ ਕੁਮਾਰ, ਰੋਹਿਤ ਕੁਮਾਰ, ਵਿਵੇਕ, ਰਾਕੇਸ਼ ਕੁਮਾਰ, ਹਰਪ੍ਰੀਤ ਸਿੰਘ ਵੀ ਮੌਜੂਦ ਸਨ |