ਮਮਦੋਟ, 31 ਅਗਸਤ (ਸੁਖਦੇਵ ਸਿੰਘ ਸੰਗਮ)-ਹੜ੍ਹ ਪ੍ਰਭਾਵਿਤ ਲੋਕਾਂ ਦੀ ਲਗਾਤਾਰ ਸਹਾਇਤਾ ਕਰ ਰਹੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਮੁਦਕੀ ਵਲੋਂ ਸਮਾਜਿਕ ਕਾਰਜਾਂ ਨੂੰ ਹੋਰ ਵਿਸ਼ਾਲ ਕਰਦੇ ਹੋਏ ਮਮਦੋਟ ਖੇਤਰ ਦੇ ਹੜ੍ਹ ਪ੍ਰਭਾਵਿਤ ਖੇਤਰ 'ਚ ਚਾਰਾ ਵੰਡਿਆ ਗਿਆ | ਇਸ ਮੌਕੇ ਉਨ੍ਹਾਂ ਦੇ ਟੀਮ ਮੈਂਬਰਾਂ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਇਹ ਇਲਾਕਾ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆਇਆ ਹੋਇਆ ਹੈ ਤੇ ਸੈਂਕੜੇ ਏਕੜ ਜ਼ਮੀਨ ਵਿਚ ਇਲਾਕੇ ਦੇ ਕਿਸਾਨਾਂ ਦੇ ਪਸ਼ੂਆਂ ਲਈ ਬੀਜਿਆ ਗਿਆ ਹਰਾ ਚਾਰਾ ਵੀ ਬਰਬਾਦ ਹੋ ਚੁੱਕਾ ਹੈ ਜਿਸ ਨੰੂ ਦੇਖਦੇ ਹੋਏ ਗੁਰਪ੍ਰੀਤ ਸਿੰਘ ਸੇਖੋਂ ਦੀ ਅਗਵਾਈ 'ਚ ਅੱਜ ਮਮਦੋਟ ਬਲਾਕ ਦੇ ਪਿੰਡ ਦੋਨਾਂ ਰਹਿਮਤ ਵਾਲਾ , ਗੱਟੀ ਮਸਤਾ, ਭੰਗੇ ਵਾਲਾ, ਸੇਠਾਂ ਵਾਲਾ ਵਿਖੇ ਪਸ਼ੂਆਂ ਲਈ ਆਚਾਰ, ਹਰਾ ਚਾਰਾ, ਤੂੜੀ, ਫੀਡ ਤੇ ਤਰਪਾਲਾਂ ਦੀ ਵੰਡ ਲੋੜ ਅਨੁਸਾਰ ਕੀਤੀ ਗਈ ਹੈ | ਇਹ ਮੌਕੇ ਗੁਰਪ੍ਰੀਤ ਸਿੰਘ ਸੇਖੋਂ ਨੇ ਦੱਸਿਆ ਕਿ ਕੁਦਰਤੀ ਕਰੋਪੀ ਕਾਰਨ ਕੱਖੋਂ ਹੌਲੇ ਹੋਏ ਇਹ ਲੋਕ ਉਨ੍ਹਾਂ ਦੇ ਆਪਣੇ ਹਨ ਤੇ ਇੰਨਾ ਦੀ ਸਹਾਇਤਾ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ | ਉਨ੍ਹਾਂ ਕਿਹਾ ਕਿ ਇਹ ਸੇਵਾ ਕਾਰਜ ਲੋਕਾਂ ਦੀ ਜ਼ਰੂਰਤ ਤੱਕ ਜਾਰੀ ਰੱਖੀ ਜਾਵੇਗੀ | ਇਸ ਮੌਕੇ ਵਿਕੀ ਮੈਨੀ, ਲਾਡੀ ਭੁੱਲਰ, ਕੌਰਜੀਤ ਸਿੰਘ ਢਿੱਲੋਂ, ਪਿੱਪਲ ਸਿੰਘ ਸਿੱਧੂ, ਨਿਰਵੈਰ ਸਿੰਘ, ਮਨਪ੍ਰੀਤ ਸਿੰਘ, ਜਗਜੀਤ ਸਿੰਘ, ਹਰਜੀਤ ਸਿੰਘ ਵਰਿਆਮ ਵਾਲਾ, ਮਾਨਾਂ ਸਿੰਘ, ਗੁਰਜੀਤ ਮੱਲ੍ਹੀ, ਕਰਨ ਬਰਾੜ, ਕੁਲਦੀਪ ਸਿੰਘ, ਦਾਰਾ ਸਰਪੰਚ, ਨਛੱਤਰ ਸਿੰਘ ਤੇ ਦਵਿੰਦਰ ਸਿੰਘ ਰਹੀਮੇ ਕੇ ਮੌਜੂਦ ਸਨ |