ਮਮਦੋਟ, 31 ਅਗਸਤ (ਰਾਜਿੰਦਰ ਸਿੰਘ ਹਾਂਡਾ)-ਮਮਦੋਟ ਕਸਬੇ ਦੇ ਨਾਲ ਲੱਗਦੇ ਪਿੰਡ ਦੋਨਾ ਰਹਿਮਤ ਵਾਲਾ ਵਿਖੇ ਦੇ ਸਾਹਮਣੇ ਪਾਕਿਸਤਾਨ ਅੰਦਰ ਸਤਲੁਜ਼ ਦਰਿਆ ਦਾ ਬੰਨ੍ਹ ਟੁੱਟ ਜਾਣ ਕਾਰਨ ਵਿਚ ਪਿੰਡ ਦੋਨਾ ਰਹਿਮਤ ਵਾਲਾ ਦੀ ਨਹਿਰ ਤੋਂ ਪਾਰ ਪੈਂਦੀ ਜ਼ਮੀਨ ਵਿਚ ਝੋਨੇ ਦੀ ਫ਼ਸਲ ਸਮੇਤ ਪਸ਼ੂਆਂ ਦਾ ਹਰਾ ਚਾਰਾ ਅਤੇ ਤੂੜੀ ਦੇ ਕੁੱਪ ਪਾਣੀ ਵਿਚ ਡੁੱਬ ਕੇ ਤਬਾਹ ਹੋ ਗਏ ਹਨ | ਜਿਸ ਕਾਰਨ ਪੀੜਤ ਕਿਸਾਨਾਂ ਨੂੰ ਪਰਿਵਾਰਾਂ ਦਾ ਗੁਜ਼ਾਰਾ ਤੇ ਪਸ਼ੂ ਸਾਂਭਣੇ ਮੁਸ਼ਕਿਲ ਹੋ ਗਏ ਹਨ | ਮੁਸ਼ਕਿਲ ਵਿਚ ਘਿਰੇ ਕਿਸਾਨਾਂ ਦੀ ਸਾਰ ਲੈਣ ਲਈ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਵਲੋਂ ਨਹਿਰ ਕਿਨਾਰੇ ਪਹੁੰਚ ਕੇ ਪਾਣੀ ਨਾਲ ਬਰਬਾਦ ਹੋਈਆਂ ਫ਼ਸਲਾਂ ਨੂੰ ਦੇਖਿਆ ਗਿਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ | ਇਸ ਮੌਕੇ ਉਨ੍ਹਾਂ ਵਲੋਂ ਹੜ੍ਹ ਪੀੜਤ ਕਿਸਾਨਾਂ ਦੇ ਪਸ਼ੂਆਂ ਦੇ ਚਾਰੇ ਲਈ ਅਚਾਰ ਦੀਆਂ ਗੱਠਾਂ ਅਤੇ ਨਹਿਰ ਦੇ ਕਿਨਾਰੇ ਨੂੰ ਮਜ਼ਬੂਤ ਕਰਨ ਲਈ 200 ਲੀਟਰ ਡੀਜ਼ਲ ਦੇਣ ਦਾ ਐਲਾਨ ਕੀਤਾ ਗਿਆ | ਹੜ੍ਹ ਪੀੜਤਾਂ ਨੂੰ ਹੌਸਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅਗਰ ਕਿਸੇ ਪਰਿਵਾਰ ਨੂੰ ਰਾਸ਼ਨ ਜਾਂ ਕਿਸੇ ਹੋਰ ਚੀਜ਼ ਦੋ ਲੋੜ ਹੋਈ ਤਾਂ ਦੱਸ ਦੇਣਾ ਭੇਜ ਦਿਆਂਗੇ | ਇਸ ਮੌਕੇ ਸਾਬਕਾ ਚੇਅਰਮੈਨ ਜੋਗਾ ਸਿੰਘ ਮੁਰਕ ਵਾਲਾ, ਸਰਕਲ ਪ੍ਰਧਾਨ ਜਜਬੀਰ ਸਿੰਘ, ਅਕਾਲੀ ਆਗੂ ਬਲਜੀਤ ਸਿੰਘ ਹਸਨੇ ਵਾਲਾ, ਯੂਥ ਆਗੂ ਮਨਪ੍ਰੀਤ ਸਿੰਘ ਸਿੱਧੂ, ਸ਼ਹਿਰੀ ਸਰਕਲ ਦੇ ਪ੍ਰਧਾਨ ਸੁਰਿੰਦਰ ਕਾਲਾ,ਦੋਨਾ ਰਹਿਮਤ ਵਾਲਾ ਦੇ ਸਾਬਕਾ ਸਰਪੰਚ ਅਰਸ਼ਦੀਪ ਸਿੰਘ, ਮਨਜਿੰਦਰ ਸਿੰਘ ਸਾਹਬ,ਹਰਭੇਜ ਸਿੰਘ, ਬਚਿੱਤਰ ਸਿੰਘ ਭੋਲਾ, ਜਗਤਾਰ ਸਿੰਘ,ਸਾਬਕਾ ਕੌਂਸਲਰ ਪ੍ਰਦੀਪ ਸਿੰਘ ਪੱਪੂ, ਸਾਬਕਾ ਸਰਪੰਚ ਜਸਬੀਰ ਸਿੰਘ ਸਾਹਨਕੇ, ਮਹਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |