ਜ਼ੀਰਾ, 21 ਜੁਲਾਈ (ਪ੍ਰਤਾਪ ਸਿੰਘ ਹੀਰਾ)-ਐੱਸ.ਸੀ. ਕਮਿਸ਼ਨਰ ਪੰਜਾਬ ਦੇ ਮੈਂਬਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਜ਼ੀਰਾ ਵਿਖੇ 192 ਪਰਿਵਾਰਾਂ ਨੂੰ ਘਰ ਖ਼ਾਲੀ ਕਰਨ ਦੇ ਨੋਟਿਸ ਮਿਲਣ ਉਪਰੰਤ ਮੁਲਾਕਾਤ ਕੀਤੀ | ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐਮ. ਜ਼ੀਰਾ ਗੁਰਮੀਤ ਸਿੰਘ ਮਾਨ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ | ਇਸ ਮੌਕੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਦੱਸਿਆ ਕਿ ਜ਼ੀਰਾ ਵਿਖੇ ਮੱਲੋ ਕੇ ਰੋਡ 'ਤੇ ਸਥਿਤ 192 ਪਰਿਵਾਰਕ ਮੈਂਬਰਾਂ ਦੇ ਵਲੋਂ ਕਮਿਸ਼ਨ ਤੱਕ ਪਹੁੰਚ ਕੀਤੀ ਗਈ ਸੀ ਕਿ ਉਹ ਇਸ ਰੋਡ 'ਤੇ ਬਣੇ ਘਰਾਂ ਦੇ ਵਿਚ ਪਿਛਲੇ 50 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ | ਪਿਛਲੇ ਸਮੇਂ ਦੌਰਾਨ ਉਨ੍ਹਾਂ ਨੂੰ ਨੋਟਿਸ ਰਾਹੀਂ ਸੜਕ ਦੇ ਆਲੇ-ਦੁਆਲੇ ਅਤੇ ਅੰਦਰ ਬਣੇ ਘਰ ਖ਼ਾਲੀ ਕਰਨ ਅਤੇ ਢਾਉਣ ਸਬੰਧੀ ਨੋਟਿਸ ਜਾਰੀ ਕੀਤੇ ਗਏ ਸਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਦੇ ਵਿਚ ਬਹੁਤ ਸਾਰੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਹਨ ਤੇ ਉਨ੍ਹਾਂ ਦੇ ਘਰ ਢਾਹ ਕੇ ਉਨ੍ਹਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਦੇ ਘਰਾਂ ਵਿਚ ਬਿਜਲੀ ਦੇ ਮੀਟਰ ਤੇ ਹੋਰ ਕੁਨੈਕਸ਼ਨ ਵੀ ਲੱਗੇ ਹੋਏ ਹਨ ਤੇ ਕਈ ਘਰਾਂ ਦੇ ਪਰਿਵਾਰਕ ਮੈਂਬਰਾਂ ਦੇ ਬਕਾਇਦਾ ਆਧਾਰ ਕਾਰਡ ਵੀ ਬਣੇ ਹੋਏ ਹਨ | ਪਰਿਵਾਰਕ ਮੈਂਬਰਾਂ ਦੀ ਸਾਰੀ ਗੱਲ ਸੁਣਨ ਉਪਰੰਤ ਕਮਿਸ਼ਨ ਦੇ ਮੈਂਬਰ ਵਲੋਂ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਕਮਿਸ਼ਨ ਉਨ੍ਹਾਂ ਦੇ ਨਾਲ ਖੜ੍ਹਾ ਹੈ ਤੇ ਕਾਨੂੰਨੀ ਤੌਰ 'ਤੇ ਜੋ ਵੀ ਬਣ ਸਕੇਗਾ, ਕਮਿਸ਼ਨ ਪਰਿਵਾਰਕ ਮੈਂਬਰਾਂ ਦਾ ਸਾਥ ਦੇਵੇਗਾ ਅਤੇ ਕਾਨੂੰਨੀ ਲੜਾਈ ਲੜਨ ਦੇ ਵਿਚ ਵੀ ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ | ਇਸ ਦੌਰਾਨ ਐੱਸ.ਡੀ.ਐਮ. ਗੁਰਮੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਵੀ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕਰਕੇ ਵਿਸਥਾਰ ਨਾਲ ਸ਼ਿਕਾਇਤ ਸੁਣੀ ਗਈ ਹੈ, ਪ੍ਰਸ਼ਾਸਨ ਵਲੋਂ ਕਾਨੂੰਨੀ ਤੌਰ 'ਤੇ ਹਰ ਤਰ੍ਹਾਂ ਦੇ ਨਾਲ ਇਨ੍ਹਾਂ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕਾਨੂੰਨੀ ਸਹਾਇਤਾ ਦੇ ਲਈ ਪਰਿਵਾਰਕ ਮੈਂਬਰਾਂ ਦਾ ਮਾਰਗ ਦਰਸ਼ਨ ਵੀ ਕੀਤਾ ਜਾਵੇਗਾ ਤਾਂ ਜੋ ਉਹ ਸਹੀ ਢੰਗ ਨਾਲ ਆਪਣਾ ਪੱਖ ਰੱਖ ਸਕਣ | ਇਸ ਮੌਕੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਦੇ ਲੋਕ ਸੰਪਰਕ ਅਫ਼ਸਰ ਸਤਨਾਮ ਸਿੰਘ ਗਿੱਲ, ਪੀ.ਏ ਹਰਜਿੰਦਰ ਸਿੰਘ ਫ਼ਿਰੋਜ਼ਸ਼ਾਹ, ਸਹਿਯੋਗੀ ਅੰਮਿ੍ਤਪਾਲ ਸਿੰਘ ਸ਼ਾਹਪੁਰ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜ਼ੀਰਾ ਨਰਿੰਦਰ ਕੁਮਾਰ ਅਤੇ ਕਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ |