24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸੀਵਰੇਜ ਸਿਸਟਮ ਫ਼ੇਲ੍ਹ ਹੋਣ ਕਾਰਨ 'ਆਪ' ਸਰਕਾਰ ਤੇ ਸੀਵਰੇਜ ਵਿਭਾਗ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਅਜੀਤ ਡੈਸਕ 22-07-2025
ਫ਼ਿਰੋਜ਼ਪੁਰ, 21 ਜੁਲਾਈ (ਸੁਖਵਿੰਦਰ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਬਰਸਾਤਾਂ ਦੇ ਦਿਨਾਂ 'ਚ ਆਪਣੇ ਦਫ਼ਤਰਾਂ ਦੇ ਵਿਚ ਬੈਠ ਕੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਕਿ ਆਪਣੇ ਘਰਾਂ ਦੀਆਂ ਛੱਤਾਂ, ਕੂਲਰਾਂ 'ਚ, ਜਾਂ ਕਿਸੇ ਹੋਰ ਖ਼ਾਲੀ ਭਾਂਡੇ ਦੇ ਵਿਚ, ਘਰਾਂ ਦੇ ਆਲੇ ਦੁਆਲੇ ਖ਼ਾਲੀ ਪਲਾਟਾਂ ਦੇ ਵਿਚ ਬਰਸਾਤ ਦਾ ਪਾਣੀ ਖੜ੍ਹਾ ਨਾ ਹੋਣ ਦਵੋ ਕਿਉਂਕਿ ਇਸ ਪਾਣੀ ਦੇ ਨਾਲ ਡੇਂਗੂ ਮਲੇਰੀਆ ਜਿਹੀਆਂ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ | ਜਿਸ ਦੇ ਸਬੰਧ ਵਿਚ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਥਾਂ ਥਾਂ 'ਤੇ ਚੈਕਿੰਗ ਵੀ ਕੀਤੀ ਜਾਂਦੀ ਹੈ ਪਰ ਇਸ ਚੈਕਿੰਗ ਦੇ ਦਾਅਵੇ ਉਸ ਵੇਲੇ ਖੋਖਲੇ ਸਾਬਤ ਹੋਏ ਜਦੋਂ ਫ਼ਿਰੋਜ਼ਪੁਰ ਸ਼ਹਿਰ 'ਚ ਸੀਵਰੇਜ ਸਿਸਟਮ ਦੀ ਨਿਕਾਸੀ ਨੂੰ ਲੈ ਕੇ ਫ਼ਿਰੋਜ਼ਪੁਰ ਸ਼ਹਿਰ ਦੀਆਂ ਗਲੀਆਂ 'ਚ ਸੀਵਰੇਜ ਦਾ ਪਾਣੀ ਤੇ ਉਸ ਦੇ ਉੱਪਰ ਮੱਛਰ ਦਿਖਾਈ ਦਿੱਤਾ | ਫ਼ਿਰੋਜ਼ਪੁਰ ਨਿਵਾਸੀਆਂ ਵਲੋਂ ਕਾਫੀ ਸਮੇਂ ਤੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦਾ ਵੀ ਕੋਈ ਢੁਕਵਾਂ ਅਸਰ ਸਾਹਮਣੇ ਨਹੀਂ ਆਇਆ | ਇੱਥੇ ਦੱਸਣਾ ਅਹਿਮ ਬਣਦਾ ਹੈ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ? ਕਈ ਦਿਨਾਂ ਤੋਂ ਲਗਾਤਾਰ ਸੀਵਰੇਜ ਵਿਭਾਗ ਨੂੰ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ ਤੇ ਫ਼ੋਨ ਵੀ ਕੀਤੇ ਜਾ ਰਹੇ ਹਨ ਪਰ ਉਨ੍ਹਾਂ ਵਲੋਂ ਹਰ ਵਾਰ ਇਹ ਜਵਾਬ ਦਿੱਤਾ ਜਾਂਦਾ ਹੈ ਕਿ ਕਦੀ ਜਨਰੇਟਰ ਖ਼ਰਾਬ ਹੈ, ਕਦੀ ਕੁੱਝ ਖ਼ਰਾਬ ਹੈ, ਅੱਜ ਆ ਜਾਂਦੇ ਹਾਂ, ਕੱਲ੍ਹ ਆ ਜਾਂਦੇ ਹਾਂ, ਇਹੀ ਕਹਿ ਕੇ ਕਈ ਦਿਨਾਂ ਤੋਂ ਟਾਲ ਮਟੋਲ ਕੀਤਾ ਜਾਂਦਾ ਹੈ | ਸੀਵਰੇਜ ਦਾ ਪਾਣੀ ਗਲੀਆਂ 'ਚ ਓਵਰ ਫਲੋਂ ਦੇ ਕਾਰਨ ਇੱਥੇ ਮੱਛਰਾਂ ਨੇ ਘੇਰਾ ਪਾ ਲਿਆ ਹੈ ਜਿਸ ਨਾਲ ਭਿਆਨਕ ਬਿਮਾਰੀਆਂ ਦਾ ਲੋਕ ਸ਼ਿਕਾਰ ਹੋ ਰਹੇ ਹਨ | ਇਸੇ ਤਰ੍ਹਾਂ ਹੀ ਨਿਊ ਬੇਦੀ ਕਾਲੋਨੀ ਫੇਜ਼ 2, ਸਬਜ਼ੀ ਮੰਡੀ ਤੇ ਬੇਦੀ ਕਾਲੋਨੀ 'ਚ ਵੀ ਸੀਵਰੇਜ ਸਿਸਟਮ ਦਾ ਇਹੀ ਹਾਲ ਹੈ | ਉੱਥੇ ਵੀ ਸੀਵਰੇਜ ਦਾ ਪਾਣੀ ਖੜ੍ਹਾ ਦਿਖਾਈ ਦੇ ਰਿਹਾ ਹੈ | ਬੇਦੀ ਕਾਲੋਨੀ ਦੇ ਨਿਵਾਸੀ ਪਵਨ ਕੁਮਾਰ, ਵਿਸ਼ਾਲ ਕੁਮਾਰ, ਵਿਨੋਦ ਤਿਵਾੜੀ ਤੇ ਗੁਰਚਰਨ ਸਿੰਘ ਨੇ ਦੱਸਿਆ ਹੈ ਕਿ ਸਾਢੇ 3 ਸਾਲ ਹੋ ਗਏ ਆਮ ਪਾਰਟੀ ਦੀ ਸਰਕਾਰ ਬਣੇ ਨੂੰ ਪਰ ਇਨ੍ਹਾਂ ਵਲੋਂ ਬਣਾਏ ਗਏ ਵਿਧਾਇਕ ਵਲੋਂ ਲੋਕਾਂ ਦੀ ਸਾਰ ਨਹੀਂ ਲਈ ਗਈ | ਉਨ੍ਹਾਂ ਵਲੋਂ ਲੋਕਾਂ ਦੀ ਸਾਰ ਤਾਂ ਕੀ ਲੈਣੀ ਸੀ ਸ਼ਹਿਰ ਦੇ ਵਿਚ ਵੀ ਆ ਕੇ ਨਹੀਂ ਵੜੇ | ਜਿਸ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਖ਼ਿਲਾਫ਼ ਭੜਾਸ ਕੱਢੀ ਅਤੇ ਆਪ ਦੇ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਦੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ | ਉਨ੍ਹਾਂ ਕਿਹਾ ਹੈ ਕਿ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਸੀਵਰੇਜ ਵਿਭਾਗ ਵਲੋਂ ਕੋਈ ਵੀ ਸਾਫ਼ ਸਫ਼ਾਈ ਲਈ ਕਾਰਵਾਈ ਨਹੀਂ ਕੀਤੀ ਗਈ | ਸੀਵਰੇਜ ਵਿਭਾਗ ਦੇ ਜੇ.ਈ ਨੂੰ ਵਾਰ ਵਾਰ ਫ਼ੋਨ ਕਰਨ 'ਤੇ ਜੇ.ਈ ਵਲੋਂ ਫ਼ੋਨ ਨਹੀਂ ਚੁੱਕਿਆ ਤੇ ਜਦੋਂ ਐਸ.ਡੀ.ਓ ਗੁਲਸ਼ਨ ਕੁਮਾਰ ਨਾਲ ਗੱਲ ਕਰਨੀ ਚਾਹੀ ਉਨ੍ਹਾਂ ਨੇ ਵੀ ਗੋਂਗੂਲਾਂ ਤੋਂ ਮਿੱਟੀ ਝਾੜ ਦਿੱਤੀ | ਜੇਕਰ ਕਾਲੋਨੀ ਨਿਵਾਸੀ ਕਿਸੇ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ ਉਨ੍ਹਾਂ ਦੇ ਜ਼ਿੰਮੇਵਾਰ ਸੀਵਰੇਜ ਵਿਭਾਗ ਦੇ ਜੇ.ਈ ਅਤੇ ਐਸ.ਡੀ.ਓ ਗੁਲਸ਼ਨ ਕੁਮਾਰ ਹੋਣਗੇ | ਲੋਕਾਂ ਨੇ ਮੰਗ ਕੀਤੀ ਹੈ ਕਿ ਸੀਵਰੇਜ ਵਿਭਾਗ ਦੇ ਜੇ.ਈ ਤੇ ਐਸ.ਡੀ.ਓ ਗੁਲਸ਼ਨ ਕੁਮਾਰ ਨੂੰ ਸਸਪੈਂਡ ਕੀਤਾ ਜਾਵੇ | ਇਸ ਮੌਕੇ ਬਲਕਾਰ ਸਿੰਘ ਫੌਜੀ, ਗੁਰੂ ਸਾਹਿਬ ਸਿੰਘ, ਸਰਵਣ ਸਿੰਘ, ਕਰਨ ਕੁਮਾਰ, ਬਿ੍ਜ ਲਾਲ, ਜਗਤ ਸਿੰਘ, ਹਰੀਸ਼ ਕੁਮਾਰ ਪਾਲ ਸਿੰਘ ਅਤੇ ਮਨਦੀਪ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਜ਼ੀਰਾ ਦੀ ਇਕੱਤਰਤਾ ਅਗਲੀ ਖ਼ਬਰ 'ਨਸ਼ਾ ਮੁਕਤੀ ਯਾਤਰਾ' ਸਬੰਧੀ ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।