ਜ਼ੀਰਾ, 18 ਜੁਲਾਈ (ਪ੍ਰਤਾਪ ਸਿੰਘ ਹੀਰਾ)- ਭਾਰਤ ਸਰਕਾਰ ਵਲੋਂ ਹਰ ਸਾਲ ਸਵੱਛ ਭਾਰਤ ਮਿਸ਼ਨ ਤਹਿਤ ਦੇਸ਼ ਪੱਧਰੀ ਕਰਵਾਏ ਜਾ ਰਹੇ ਸਵੱਛ ਸਰਵੇਖਣ ਦੇ ਨਤੀਜੇ 17 ਜੁਲਾਈ ਨੂੰ ਘੋਸ਼ਿਤ ਹੋ ਚੁੱਕੇ ਹਨ | ਸਵੱਛ ਸਰਵੇਖਣ 2024 'ਚ ਸਰਕਾਰ ਵਲੋਂ ਕੈਟਾਗਰੀ ਤੇ ਪੈਰਾਮੀਟਰ 'ਚ ਤਬਦੀਲੀਆਂ ਕਰਨ ਉਪਰੰਤ ਸ਼ਹਿਰਾਂ ਦੀ ਸਾਫ਼-ਸਫ਼ਾਈ, ਕਚਰੇ ਦੀ ਕਲੈਕਸ਼ਨ, ਕਚਰੇ ਦੀ ਪੋ੍ਰਸੈਸਿੰਗ, ਕਚਰੇ ਤੋਂ ਖਾਦ ਤਿਆਰ ਕਰਨਾ, ਕਚਰੇ ਦੀ ਰੀਸਾਈਕਲਿੰਗ, ਰੀਸੇਲ, ਰੀਯੂਜ਼, ਪਬਲਿਕ ਪਖਾਨਿਆਂ ਦੀ ਸਫ਼ਾਈ, ਸੜਕਾਂ ਚੌਂਕਾਂ ਆਦਿ ਦੀ ਸਫ਼ਾਈ, ਸੀਵਰੇਜ ਤੇ ਪਾਣੀ ਦੀ ਨਿਕਾਸੀ, ਸ਼ਹਿਰ ਵਾਸੀਆਂ ਦੀ ਸਵੱਛਤਾ ਪ੍ਰਤੀ ਜਾਗਰੂਕਤਾ ਸ਼ਹਿਰ ਵਾਸੀਆਂ ਦੀ ਫੀਡਬੈਕ ਆਦਿ ਵਰਗੇ ਪਹਿਲੂਆਂ ਸਬੰਧੀ ਇਹ ਜਾਂਚ ਕੀਤੀ ਗਈ ਸੀ | ਇਸ ਜਾਂਚ ਤਹਿਤ ਦੇਸ਼ ਭਰ ਦੇ ਲਗਭਗ 4300 ਸ਼ਹਿਰਾਂ ਤੇ ਪੰਜਾਬ ਦੇ ਲਗਭਗ 170 ਸ਼ਹਿਰਾਂ ਨੇ ਭਾਗ ਲਿਆ | ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜ਼ੀਰਾ ਨਰਿੰਦਰ ਕੁਮਾਰ ਤੇ ਪ੍ਰਧਾਨ ਨਗਰ ਕੌਂਸਲ ਜ਼ੀਰਾ ਸਰਬਜੀਤ ਕੌਰ ਤੇ ਗੁਰਪ੍ਰੀਤ ਸਿੰਘ ਜੱਜ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਸਵੱਛ ਸਰਵੇਖਣ 2024 ਦੇ ਨਤੀਜਿਆਂ ਨੂੰ ਘੋਸ਼ਿਤ ਕਰਨ ਉਪਰੰਤ ਜ਼ੀਰਾ ਸ਼ਹਿਰ ਨੂੰ ਆਪਣੀ ਆਬਾਦੀ ਕੈਟਾਗਰੀ 'ਚ 25 ਹਜ਼ਾਰ ਤੋਂ 50 ਹਜ਼ਾਰ ਆਬਾਦੀ ਵਾਲੇ ਸ਼ਹਿਰਾਂ ਅੰਦਰ ਪਹਿਲਾ ਸਥਾਨ ਤੇ ਪੂਰੇ ਪੰਜਾਬ ਭਰ ਦੇ ਸ਼ਹਿਰਾਂ 'ਚੋਂ ਤੀਸਰਾ ਸਥਾਨ ਹਾਸਿਲ ਹੋਇਆ ਹੈ | ਇਸੇ ਤਹਿਤ ਜ਼ੀਰਾ ਸ਼ਹਿਰ ਨੂੰ ਭਾਰਤ ਵਿਚੋਂ 68ਵਾਂ ਸਥਾਨ ਪ੍ਰਾਪਤ ਹੋਇਆ ਹੈ | ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਨਗਰ ਕੌਂਸਲ ਜ਼ੀਰਾ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਬਾਕੀ ਨਗਰ ਕੌਂਸਲ ਨਗਰ ਪੰਚਾਇਤਾਂ ਵੀ ਇਸ ਤਰਜ਼ 'ਤੇ ਕੰਮ ਕਰਨ ਉਪਰੰਤ ਪੰਜਾਬ ਵਿਚ ਚੰਗਾ ਸਥਾਨ ਹਾਸਿਲ ਕਰਨ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਦਮਨਜੀਤ ਸਿੰਘ ਨੇ ਆਪਣੇ ਸਮੂਹ ਨਗਰ ਕੌਂਸਲ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਜ਼ੀਰਾ ਦੇ ਸਮੂਹ ਸਟਾਫ਼ ਨੂੰ ਹੋਰ ਜ਼ਿਆਦਾ ਲਗਨ ਤੇ ਮਿਹਨਤ ਨਾਲ ਕੰਮ ਕਰਨ ਲਈ ਪੇ੍ਰਰਿਤ ਕੀਤਾ | ਨਗਰ ਕੌਂਸਲ ਜ਼ੀਰਾ ਦੇ ਸੁਪਰਡੈਂਟ ਸੈਨੀਟੇਸ਼ਨ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਸਵੱਛ ਸਰਵੇਖਣ ਅੰਦਰ ਕੁਲ 12500 ਅੰਕ ਸਨ, ਜਿਨ੍ਹਾਂ ਵਿਚੋਂ 9397 ਅੰਕ ਹਾਸਲ ਕਰਕੇ ਜ਼ੀਰਾ ਨੂੰ ਜੀ.ਐਫ.ਸੀ. 1 ਸਟਾਰ ਤੇ ਓ.ਡੀ.ਐਫ ਪਲੱਸ ਦਾ ਦਰਜਾ ਵੀ ਹਾਸਿਲ ਹੋਇਆ ਹੈ | ਇਸ ਮੌਕੇ ਨਗਰ ਕੌਂਸਲ ਜ਼ੀਰਾ ਦੇ ਸਟਾਫ਼ ਵਿਚ ਅਮਨਦੀਪ ਸਿੰਘ, ਮਨਿੰਦਰ ਸਿੰਘ, ਸੁਸ਼ੀਲ ਕੁਮਾਰ ਬਲਜੀਤ ਕੌਰ, ਸੋਨਮ ਰਾਣੀ, ਜਸਲੀਨ ਕੌਰ ਅਤੇ ਸਮੂਹ ਸਟਾਫ਼ ਮੌਜੂਦ ਸੀ |