ਤਲਵੰਡੀ ਭਾਈ, 18 ਜੁਲਾਈ (ਰਵਿੰਦਰ ਸਿੰਘ ਬਜਾਜ)-ਬੀਤੇ ਦਿਨੀਂ ਹੋਈ ਤੇਜ਼ ਬਾਰਿਸ਼ ਕਾਰਨ ਸਥਾਨਕ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਅਚਾਨਕ ਡਿੱਗ ਗਈ ਸੀ, ਜਿਸ ਕਾਰਨ ਪਰਿਵਾਰ ਦਾ ਸਾਰਾ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ | ਪੀੜਤ ਪਰਿਵਾਰਕ ਮੈਂਬਰ ਸਰਬਨ ਸਿੰਘ ਪੁੱਤਰ ਗੁਰਮੇਜ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਹੋਈ ਬਾਰਸ਼ ਦੌਰਾਨ ਉਹ ਆਪਣੀਆਂ 3 ਧੀਆਂ ਸਮੇਤ ਵਿਹੜੇ 'ਚ ਪਿਆ ਸਾਮਾਨ ਇਕੱਠਾ ਕਰ ਰਿਹਾ ਸੀ ਕਿ ਅਚਾਨਕ ਅਸਮਾਨੀ ਬਿਜਲੀ ਉਨ੍ਹਾਂ ਦੇ ਕਮਰੇ ਅੰਦਰ ਪਏ ਸਾਮਾਨ 'ਤੇ ਡਿੱਗ ਪਈ, ਜਿਸ ਕਾਰਨ ਸਾਰੇ ਮਕਾਨ ਨੂੰ ਤਰੇੜਾਂ ਆ ਗਈਆਂ | ਪੀੜਤ ਸਰਬਨ ਸਿੰਘ ਨੇ ਦੱਸਿਆ ਕਿ ਇਸ ਦੇ ਬਾਅਦ ਉਸ ਦੇ ਪਰਿਵਾਰ ਨੇ ਸਾਰੀ ਰਾਤ ਬਾਹਰ ਬੈਠ ਕੇ ਕੱਟੀ | ਪੀੜਤ ਪਰਿਵਾਰ ਨੇ ਇਹ ਸਾਰੀ ਘਟਨਾ ਬਾਰੇ ਸਮਾਜ ਸੇਵਾ ਨੂੰ ਸਮਰਪਿਤ ਦੁੱਖ ਨਿਵਾਰਨ ਦਸਵੰਧ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਨਾਲ ਸਾਂਝੀ ਕੀਤੀ, ਜਿਸ ਬਾਅਦ ਸੁਸਾਇਟੀ ਵਲੋਂ ਪਰਿਵਾਰ ਨੂੰ ਮਕਾਨ ਦੀ ਦੁਬਾਰਾ ਛੱਤ ਪਾਉਣ ਲਈ ਆਰਥਿਕ ਤੌਰ 'ਤੇ ਸਹਿਯੋਗ ਰਾਸ਼ੀ ਦਾ ਚੈੱਕ ਦਿੱਤਾ ਗਿਆ | ਪਰਿਵਾਰਕ ਮੈਂਬਰਾਂ ਵਲੋਂ ਸੁਸਾਇਟੀ ਦਾ ਸਹਿਯੋਗ ਦੇਣ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਦੁੱਖ ਨਿਵਾਰਣ ਸੇਵਾ ਸੁਸਾਇਟੀ ਦੇ ਮੁੱਖ ਪ੍ਰਬੰਧਕ ਜਗਦੀਸ਼ ਪਾਲ, ਪਰਮਜੀਤ ਸਿੰਘ ਕਲਸੀ, ਭੁਪਿੰਦਰ ਸਿੰਘ ਭਿੰਦਾ ਨੰਬਰਦਾਰ, ਡਾ. ਗੁਰਭਾਗ ਸਿੰਘ, ਮਨੋਜ ਕੁਮਾਰ, ਜਗਦੀਪ ਸਿੰਘ ਆਦਿ ਹਾਜ਼ਰ ਸਨ |