ਮੱਖੂ, 18 ਜੁਲਾਈ (ਵਰਿੰਦਰ ਮਨਚੰਦਾ)-ਮੱਖੂ ਬਿਜਲੀ ਗਰਿੱਡ ਜਿਸ ਦੀ ਬਿਲਡਿੰਗ ਬਣੀ ਨੂੰ ਕਰੀਬ 35-40 ਸਾਲ ਹੋ ਗਏ ਹਨ, ਅੱਜ ਉਸ ਦੀ ਹਾਲਤ ਖਸਤਾ ਹੋ ਗਈ ਹੈ | ਇਸ ਅੰਦਰ ਬਣੇ ਦਫ਼ਤਰ ਦੀਆਂ ਸਾਰੀਆਂ ਬਿਲਡਿੰਗਾਂ ਡਿੱਗਣ ਕਿਨਾਰੇ ਹਨ ਤੇ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ | ਦਫ਼ਤਰ ਦੀਆਂ ਛੱਤਾਂ ਤੋਂ ਸੀਮੇਂਟ ਝੜ ਕੇ ਹੇਠਾਂ ਡਿੱਗਦਾ ਰਹਿੰਦਾ ਹੈ ਤੇ ਬਾਰੀਆਂ 'ਤੇ ਲੱਗੇ ਸ਼ੀਸ਼ੇ ਵੀ ਟੁੱਟੇ ਹੋਏ ਹਨ | ਜਗ੍ਹਾ-ਜਗ੍ਹਾ ਇੱਟਾਂ ਰੋੜਿਆਂ ਦੇ ਢੇਰ ਲੱਗੇ ਹੋਏ ਹਨ | ਖਸਤਾ ਹਾਲਤ 'ਚ ਇਸ ਬਿਲਡਿੰਗ ਅੰਦਰ ਕੰਮ ਕਰਨ ਵਾਲੇ ਬਿਜਲੀ ਮੁਲਾਜ਼ਮ ਵੀ ਰੱਬ ਆਸਰੇ ਹੀ ਰੋਜ਼ਾਨਾ ਆਪਣੀ ਡਿਊਟੀ ਨਿਭਾਉਣ ਲਈ ਆਉਂਦੇ ਹਨ ਤੇ ਸ਼ਾਮੀ ਚਲੇ ਜਾਂਦੇ ਹਨ | ਹੋਰ ਤਾਂ ਹੋਰ ਇੱਥੇ ਕੰਮਕਾਜ ਆਉਣ ਵਾਲੇ ਖਪਤਕਾਰਾਂ ਲਈ ਗਰਮੀ 'ਚ ਪੀਣ ਲਈ ਸ਼ੁੱਧ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਆਗੂ ਲਖਵਿੰਦਰ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਮੱਖੂ ਗਰਿੱਡ ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਿਹਾ ਹੈ, ਕਿਉਂਕਿ ਜੇਕਰ ਕਿਤੇ ਕੋਈ ਫਾਲਟ ਪੈਂਦਾ ਹੈ ਤਾਂ 2 ਜੇ.ਈ. ਮੱਖੂ ਗਰਿੱਡ ਅਧੀਨ ਪੈਂਦੇ ਗਰਿੱਡ ਫ਼ਤਿਹਗੜ੍ਹ ਸਭਰਾ, ਗੁਰਾਲੀ, ਠੱਠਾ ਸਾਹਿਬ ਆਦਿ ਗਰਿੱਡ ਦਾ ਕੰਮਕਾਜ ਸੰਭਾਲਦੇ ਹਨ | ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਗਰਿੱਡਾਂ ਦੇ ਫੀਡਰਾਂ ਦੀ ਗਿਣਤੀ 100 ਤੋਂ ਵਧੇਰੇ ਹੈ ਤੇ ਇਨ੍ਹਾਂ 'ਤੇ ਲਾਈਨਮੈਨ ਸਮੇਤ ਕੁੱਲ 13 ਮੁਲਾਜ਼ਮ ਹਨ, ਜਿਨ੍ਹਾਂ 'ਚੋਂ 5 ਦਫ਼ਤਰ 'ਚ ਪਾਵਰਕੱਟ 'ਤੇ ਲਗਾਏ ਹੋਏ ਹਨ | ਜਿਸ ਕਾਰਨ ਲੋਕਾਂ ਨੂੰ ਛੋਟੇ-ਮੋਟੇ ਕੰਮ ਜਾਂ ਦਸਤਖ਼ਤ ਕਰਵਾਉਣ ਲਈ ਕਈ-ਕਈ ਦਿਨ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੱਖੂ ਗਰਿੱਡ ਵਿਚ ਮੁਲਾਜ਼ਮਾਂ ਦੀ ਘਾਟ ਕਾਰਨ ਆਉਂਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦਿਆਂ ਜਲਦ ਤੋਂ ਜਲਦ ਮੁਲਾਜ਼ਮਾਂ ਦੀ ਭਰਤੀ ਪੂਰੀ ਕੀਤੀ ਜਾਵੇ, ਮੱਖੂ ਬਿਜਲੀ ਗਰਿੱਡ ਦੀ ਖਸਤਾ ਹੋਈ ਬਿਲਡਿੰਗ ਦੀ ਹਾਲਤ ਨੂੰ ਸੁਧਾਰਿਆ ਜਾਵੇ ਜਾਂ ਨਵਾਂ ਬਣਾਇਆ ਜਾਵੇ | ਇਸ ਮੌਕੇ ਜਥੇਦਾਰ ਅੰਗਰੇਜ਼ ਸਿੰਘ, ਬਲਵਿੰਦਰ ਸਿੰਘ ਜ਼ਿਲ੍ਹਾ ਜਰਨਲ ਸਕੱਤਰ, ਕੁਲਵੀਰ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ, ਹਰਦੇਵ ਸਿੰਘ ਸਕੱਤਰ ਬਲਾਕ, ਗੁਰਭੇਜ ਸਿੰਘ ਇਕਾਈ ਪ੍ਰਧਾਨ, ਸਰਿੰਦਰ ਸਿੰਘ, ਡਾ. ਮਨਮੋਹਨ ਸਿੰਘ, ਬਲਦੇਵ ਸਿੰਘ ਮੈਂਬਰ ਪੰਚਾਇਤ, ਗੁਰਦੇਵ ਸਿੰਘ ਰਾਗੀ, ਨਿਰਮਲ ਸਿੰਘ, ਗੁਰਜੰਟ ਸਿੰਘ ਵੜੈਚ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ, ਸੁਖਚੈਨ ਸਿੰਘ, ਗੁਰਦਰਸ਼ਨ ਸਿੰਘ ਖ਼ਾਲਸਾ, ਰਾਜਵਿੰਦਰ ਸਿੰਘ ਔਜਲਾ ਆਦਿ ਹਾਜ਼ਰ ਸਨ |