ਜ਼ੀਰਾ, 17 ਜੁਲਾਈ (ਰਜਨੀਸ਼ ਕਥੂਰੀਆ)-ਜ਼ੀਰਾ ਦੇ ਨਜ਼ਦੀਕੀ ਪਿੰਡ ਮਨਸੂਰਦੇਵਾ ਦੇ ਮੌਜੂਦਾ ਸਰਪੰਚ ਵਲੋਂ ਪਿੰਡ ਦੇ ਹੀ 6 ਵਿਅਕਤੀਆਂ ਨੂੰ ਪੁਲਿਸ ਰਾਹੀਂ ਝੂਠੇ ਪਰਚੇ ਵਿਚ ਨਾਮਜ਼ਦ ਕਰਨ 'ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਇਨ੍ਹਾਂ ਦੋਸ਼ੀਆਂ ਨੂੰ ਥਾਣਾ ਸਿਟੀ ਜ਼ੀਰਾ ਦੇ ਬਾਹਰ ਲਿਆ ਕੇ ਥਾਣਾ ਮੁਖੀ ਨੂੰ ਗਿ੍ਫਤਾਰ ਕਰਨ ਦੀ ਚੁਨੌਤੀ ਦਿੱਤੀ, ਪਰ ਥਾਣਾ ਮੁਖੀ ਵਲੋਂ ਇਹਨਾਂ ਮੁਲਜ਼ਮਾਂ ਨੂੰ ਗਿ੍ਫਤਾਰ ਕਰਨ ਦੀ ਹਿੰਮਤ ਨਹੀਂ ਪਈ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ,ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਅਤੇ ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ ਨੇ ਥਾਣਾ ਸਿਟੀ ਜ਼ੀਰਾ ਦੇ ਬਾਹਰ ਕੀਤੇ ਇਕੱਠ ਦੇ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਕੁੱਝ ਨੌਜਵਾਨ ਹਰ ਸਾਲ ਜਨਵਰੀ ਮਹੀਨੇ ਵਿਚ ਪਿਡ ਵਿਚ ਸਥਿਤ ਬਾਬਾ ਮਨਸਾ ਗਿਰ ਦੀ ਜਗ੍ਹਾ 'ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੇਲਾ ਕਰਵਾਉਂਦੇ ਹਨ ਅਤੇ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵੀ ਕਰਵਾਉਂਦੇ ਹਨ | ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਦਾ ਮੌਜੂਦਾ ਸਰਪੰਚ ਗਗਨਦੀਪ ਸਿੰਘ ਜੋ ਕਿ ਪਹਿਲਾਂ ਕਾਂਗਰਸ ਪਾਰਟੀ ਵਿਚ ਸੀ ਅਤੇ ਹੁਣ ਆਮ ਆਦਮੀ ਪਾਰਟੀ ਵਿਚ ਹੈ, ਨੂੰ ਇਹ ਸਭ ਕੁੱਝ ਹਜ਼ਮ ਨਹੀਂ ਹੋ ਰਿਹਾ ਅਤੇ ਇਸੇ ਰੰਜਸ਼ ਦੇ ਤਹਿਤ ਉਸ ਨੇ ਕਥਿਤ ਤੌਰ 'ਤੇ ਰਾਜਨੀਤਿਕ ਸ਼ਹਿ 'ਤੇ ਮੋਹਨ ਸਿੰਘ ਪੁੱਤਰ ਚੂਹੜ ਸਿੰਘ,ਅਵਤਾਰ ਸਿੰਘ ਪੁੱਤਰ ਸੁਰਜੀਤ ਸਿੰਘ, ਅੰਗਰੇਜ਼ ਸਿੰਘ ਪੁੱਤਰ ਮਲਕੀਤ ਸਿੰਘ, ਸੁਖਦਿਆਲ ਸਿੰਘ ਪੁੱਤਰ ਨੱਥਾ ਸਿੰਘ, ਕੇਵਲ ਸਿੰਘ ਪੁੱਤਰ ਅਮਰ ਸਿੰਘ,ਹਰਨਾਮ ਸਿੰਘ ਪੁੱਤਰ ਜਗਸੀਰ ਸਿੰਘ ਵਾਸੀਆਨ ਪਿੰਡ ਮਨਸੂਰਦੇਵਾ ਅਤੇ ਅਤੇ 3-4 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਿਤੀ 28 ਮਈ 2025 ਨੂੰ ਲੜਾਈ ਝਗੜੇ ਦਾ ਇੱਕ ਝੂਠਾ ਮੁਕੱਦਮਾ ਨੰਬਰ 54 ਦਰਜ ਕਰਵਾ ਦਿੱਤਾ | ਕਿਸਾਨ ਆਗੂਆਂ ਨੇ ਦੱਸਿਆ ਕਿ ਉਕਤ ਮੁਕੱਦਮੇ ਵਿਚ ਨਾਮਜ਼ਦ ਸਾਰੇ ਮੁਲਜ਼ਮਾਂ ਨੂੰ ਨਾਲ ਲੈ ਕੇ ਥਾਣਾ ਸਿਟੀ ਜ਼ੀਰਾ ਦੇ ਬਾਹਰ ਖੜੇ ਹਾਂ ਅਤੇ ਜੇਕਰ ਥਾਣਾ ਮੁਖੀ ਜ਼ੀਰਾ ਦੇ ਵਿਚ ਹਿੰਮਤ ਹੈ ਤਾਂ ਇਹਨਾਂ ਨੂੰ ਗਿ੍ਫਤਾਰ ਕਰ ਲਵੇ | ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ,ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਅਤੇ ਸੁਖਦੇਵ ਸਿੰਘ ਸਨੇਰ ਨੇ ਥਾਣਾ ਸਿਟੀ ਜ਼ੀਰਾ ਦੇ ਐੱਸ.ਐੱਚ.ਓ.ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਕਤ ਮਾਮਲੇ ਵਿਚ ਦਰਜ ਝੂਠੇ ਮੁਕੱਦਮੇ ਦੀ ਇਨਕੁਆਰੀ ਕਰਵਾ ਕੇ ਨਾਮਜ਼ਦ ਕੀਤੇ ਗਏ ਬੇਕਸੂਰ ਵਿਅਕਤੀਆਂ ਦੇ ਖ਼ਿਲਾਫ਼ ਦਰਜ ਕੀਤਾ ਗਿਆ | ਇਹ ਝੂਠਾ ਮੁਕੱਦਮਾ ਖ਼ਾਰਜ ਕੀਤਾ ਜਾਵੇ ਨਹੀਂ ਤਾਂ 25 ਜੁਲਾਈ 2025 ਨੂੰ ਉਹ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਡੀ.ਐੱਸ.ਪੀ. ਦਫ਼ਤਰ ਜ਼ੀਰਾ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ | ਇਸ ਸੰਬੰਧ ਵਿਚ ਜਦੋਂ ਪਿੰਡ ਮਨਸੂਰਦੇਵਾ ਦੇ ਸਰਪੰਚ ਗਗਨਦੀਪ ਸਿੰਘ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਸ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਦੋਸ਼ੀਆਂ ਦੇ ਖ਼ਿਲਾਫ਼ ਦਰਜ ਪਰਚਾ ਬਿਲਕੁਲ ਜਾਇਜ਼ ਹੈ | ਇਸੇ ਸੰਬੰਧ ਵਿਚ ਜਦੋਂ ਥਾਣਾ ਸਿਟੀ ਜ਼ੀਰਾ ਦੇ ਐੱਸ.ਐੱਚ.ਓ. ਬਲਜਿੰਦਰ ਸਿੰਘ ਬਾਜਵਾ ਦੇ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਸੱਟ ਲੱਗੀ ਹੋਈ ਹੈ ਅਤੇ ਉਹ ਛੁੱਟੀ ਲੈ ਕੇ ਆਪਣਾ ਇਲਾਜ ਕਰਵਾ ਰਹੇ ਹਨ | ਉਹਨਾਂ ਦਾਅਵਾ ਕੀਤਾ ਕਿ ਦੋਸ਼ੀਆਂ ਦੇ ਖ਼ਿਲਾਫ਼ ਦਰਜ ਮੁਕੱਦਮਾ ਬਿਲਕੁਲ ਜਾਇਜ਼ ਹੈ ਅਤੇ ਲੜਾਈ ਝਗੜੇ ਦੇ ਸਮੇਂ ਦੀ ਉਹਨਾਂ ਕੋਲ ਵੀਡੀਓ ਵੀ ਮੌਜੂਦ ਹੈ |