ਫ਼ਿਰੋਜ਼ਪੁਰ, 16 ਜੁਲਾਈ (ਕੁਲਬੀਰ ਸਿੰਘ ਸੋਢੀ)-ਪੰਜਾਬ ਸਰਕਾਰ ਦੇ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਦੇ ਮਾਨਯੋਗ ਕਮਿਸ਼ਨਰ ਦਿਲਰਾਜ ਸਿੰਘ, ਆਈ.ਏ.ਐਸ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਦੀ ਅਗਵਾਈ ਹੇਠ ਫ਼ਿਰੋਜ਼ਪੁਰ 'ਚ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ | ਇਸ ਮੁਹਿੰਮ ਤਹਿਤ 15 ਜੁਲਾਈ 2025 ਨੂੰ ਫੂਡ ਸੇਫ਼ਟੀ ਅਫ਼ਸਰ ਸੰਦੀਪ ਸਿੰਘ ਸੰਧੂ ਨੇ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਤੇ ਦੁੱਧ, ਪਨੀਰ ਤੇ ਮਠਿਆਈਆਂ ਦੇ 5 ਸੈਂਪਲ ਜਾਂਚ ਲਈ ਇਕੱਤਰ ਕੀਤੇ | ਚੈਕਿੰਗ ਦੌਰਾਨ ਪਿੰਡ ਸੇਖਵਾਂ ਸਥਿਤ ਨੈਸਲੇ ਦੁੱਧ ਕੇਂਦਰ 'ਤੇ ਹੈਰਾਨਕੁਨ ਹਾਲਾਤ ਸਾਹਮਣੇ ਆਏ | ਕੇਂਦਰ ਵਿਖੇ ਸਫ਼ਾਈ ਦੇ ਪ੍ਰਬੰਧ ਬਹੁਤ ਹੀ ਖ਼ਰਾਬ ਪਾਏ ਗਏ | ਇਕੱਤਰ ਕੀਤੇ ਗਏ ਲਗਭਗ 600 ਲੀਟਰ ਦੁੱਧ 'ਚ ਵੱਡੀ ਗਿਣਤੀ ਵਿਚ ਮਰੀਆਂ ਹੋਈਆਂ ਮੱਖੀਆਂ ਮਿਲੀਆਂ, ਜਿਸ ਨੂੰ ਜਾਂਚ ਲਈ ਸੈਂਪਲ ਵਜੋਂ ਲਿਆ ਗਿਆ | ਫੂਡ ਸੇਫ਼ਟੀ ਅਫ਼ਸਰ ਨੇ ਮੌਕੇ 'ਤੇ ਹੀ ਨੈਸਲੇ ਦੇ ਫ਼ੀਲਡ ਅਫ਼ਸਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਤੇ ਤੁਰੰਤ ਸੁਧਾਰ ਕਰਨ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ | ਇਸ ਮੌਕੇ ਅਧਿਕਾਰੀਆਂ ਨੇ ਸਮੂਹ ਦੁਕਾਨਦਾਰਾਂ ਤੇ ਫੂਡ ਬਿਜ਼ਨਸ ਆਪੇ੍ਰਟਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਖਾਣ-ਪੀਣ ਵਾਲੀਆਂ ਵਸਤਾਂ 'ਚ ਮਿਲਾਵਟ ਜਾਂ ਸਫ਼ਾਈ ਦੀ ਘਾਟ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਜੇਕਰ ਕੋਈ ਵੀ ਵਪਾਰੀ ਗੰਦਗੀ ਵਾਲੀ ਜਗ੍ਹਾ 'ਤੇ ਖ਼ੁਰਾਕ ਪਦਾਰਥ ਤਿਆਰ ਜਾਂ ਪੋ੍ਰਸੈੱਸ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |