11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬੱਸ ਸਟੈਂਡ 'ਤੇ ਪਖਾਨਿਆਂ ਦੀ ਅਣਹੋਂਦ ਕਾਰਨ ਮੁਸਾਫ਼ਰ ਪ੍ਰੇਸ਼ਾਨ <br/>

ਬੱਸ ਸਟੈਂਡ ਛਾਜਲੀ ਦਾ ਦਿ੍ਸ਼ ਜਿੱਥੇ ਮੁਸਾਫ਼ਰ ਬੱਸ ਦਾ ਇੰਤਜ਼ਾਰ ਕਰਦੇ ਹੋਏ | ਤਸਵੀਰ: ਅਜਾਇਬ ਸਿੰਘ ਨੀਲੋਵਾਲ <br/> 28-12-2025
ਛਾਜਲੀ, 27 ਦਸੰਬਰ (ਅਜਾਇਬ ਸਿੰਘ ਨੀਲੋਵਾਲ) - ਸਥਾਨਕ ਬੱਸ ਸਟੈਂਡ 'ਤੇ ਪਖਾਨਿਆਂ ਦੀ ਅਣਹੋਂਦ ਕਾਰਨ ਮੁਸਾਫ਼ਰਾਂ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੁਨਾਮ-ਜਾਖ਼ਲ ਮੁੱਖ ਮਾਰਗ 'ਤੇ ਸਥਿਤ ਇਸ ਬੱਸ ਸਟੈਂਡ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀ, ਨੌਕਰੀਪੇਸ਼ਾ ਲੋਕ ਅਤੇ ਦਿਹਾਤੀ ਖੇਤਰ ਦੇ ਵਸਨੀਕ ਆਵਾਜਾਈ ਕਰਦੇ ਹਨ | ਬੱਸ ਸਟੈਂਡ ਦੇ ਨੇੜੇ ਮਾਰਕੀਟ, ਬੈਂਕ, ਥਾਣਾ, ਹਸਪਤਾਲ ਅਤੇ ਸੁਵਿਧਾ ਕੇਂਦਰ ਸਥਿਤ ਹੋਣ ਕਰਕੇ ਇੱਥੇ ਦਿਨ ਭਰ ਲੋਕਾਂ ਦੀ ਆਵਾਜਾਈ ਕਾਫ਼ੀ ਜ਼ਿਆਦਾ ਰਹਿੰਦੀ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਮਹੱਤਵਪੂਰਨ ਅਤੇ ਭੀੜ ਵਾਲੀ ਥਾਂ 'ਤੇ ਕਈ ਸਾਲਾਂ ਤੋਂ ਪਿਸ਼ਾਬ ਘਰ ਜਾਂ ਪਖਾਨਿਆਂ ਦੀ ਕੋਈ ਵੀ ਵਿਵਸਥਾ ਨਹੀਂ ਹੈ | ਇਸ ਕਾਰਨ ਬਜ਼ੁਰਗਾਂ, ਮਹਿਲਾਵਾਂ, ਸਕੂਲੀ ਬੱਚਿਆਂ ਅਤੇ ਦੂਰ ਦਰਾਜ਼ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਖ਼ਾਸ ਤੌਰ 'ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੱਸ ਸਟੈਂਡ ਵਰਗੀ ਜਨਤਕ ਥਾਂ 'ਤੇ ਬੁਨਿਆਦੀ ਸਹੂਲਤਾਂ ਦੀ ਕਮੀ ਸਫ਼ਾਈ ਅਤੇ ਸਿਹਤ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ | ਲੋਕਾਂ ਨੇ ਪ੍ਰਸ਼ਾਸਨ ਅਤੇ ਪੰਚਾਇਤ ਕੋਲੋਂ ਮੰਗ ਕੀਤੀ ਹੈ ਕਿ ਬੱਸ ਸਟੈਂਡ 'ਤੇ ਤੁਰੰਤ ਪਖਾਨਿਆਂ ਦਾ ਨਿਰਮਾਣ ਕਰਵਾਇਆ ਜਾਵੇ, ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ |
ਪੰਚਾਇਤ ਵਲੋਂ ਵਿੱਤ ਮੰਤਰੀ ਤੋਂ ਗਰਾਂਟ ਜਾਰੀ ਕਰਨ ਦੀ ਮੰਗ
ਇਸ ਸਬੰਧੀ ਸਰਪੰਚ ਗੁਰਬਿਆਸ ਸਿੰਘ ਛਾਜਲੀ ਨੇ ਕਿਹਾ ਕਿ ਪਿੰਡ ਵਿਚ ਪਖਾਨਿਆਂ ਦੇ ਨਿਰਮਾਣ ਲਈ ਮਿਲੀ ਇੱਕ ਲੱਖ ਰੁਪਏ ਦੀ ਗਰਾਂਟ ਤਹਿਤ ਵਾਟਰ ਵਰਕਸ ਵਾਲੇ ਅੱਡੇ ਅਤੇ ਊਧਮ ਸਿੰਘ ਧਰਮਸ਼ਾਲਾ ਨੇੜੇ ਚੱਠਾ ਸੇਖਵਾਂ ਵਾਲੀ ਸੜਕ 'ਤੇ ਪਖਾਨੇ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਖੇਤਰ ਵਿਚ ਮਾਰਕੀਟ, ਬੈਂਕ, ਥਾਣਾ, ਹਸਪਤਾਲ ਅਤੇ ਵੱਡੀ ਆਵਾਜਾਈ ਹੋਣ ਕਰਕੇ ਇੱਥੇ ਵੀ ਪਖਾਨਿਆਂ ਦੀ ਸਖ਼ਤ ਲੋੜ ਹੈ, ਪਰ ਇਸ ਲਈ ਵੱਖਰੀ ਗਰਾਂਟ ਲਾਜ਼ਮੀ ਹੁੰਦੀ ਹੈ | ਸਰਪੰਚ ਨੇ ਦੱਸਿਆ ਕਿ ਇਸ ਮਸਲੇ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਕੋਲੋਂ ਡੇਢ ਲੱਖ ਰੁਪਏ ਦੀ ਵਾਧੂ ਗਰਾਂਟ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਇਹ ਵੀ ਕਿਹਾ ਕਿ ਛਾਜਲੀ ਦੀ ਧਰਤੀ ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਚਰਨਛੋਹ ਪ੍ਰਾਪਤ ਹੋਣ ਕਰਕੇ ਪੰਜਾਬ ਸਰਕਾਰ ਵਲੋਂ ਨਗਰ ਦੇ ਵਿਕਾਸ ਲਈ ਮਿਲੀ 50 ਲੱਖ ਰੁਪਏ ਦੀ ਗਰਾਂਟ ਵਿਚੋਂ ਜੇਕਰ ਸੰਭਵ ਹੋਇਆ ਤਾਂ ਪਖਾਨੇ ਬਣਾਉਣ ਦੀ ਸੰਭਾਵਨਾ 'ਤੇ ਵਿਚਾਰ ਕੀਤਾ ਜਾਵੇਗਾ ਪਰ ਸੈਕਸ਼ਨ ਲੈਟਰ ਅਤੇ ਹੋਰ ਲਾਜ਼ਮੀ ਸ਼ਰਤਾਂ ਕਾਰਨ ਪ੍ਰਕਿਰਿਆ ਚ ਕੋਈ ਰੁਕਾਵਟ ਨਾ ਆਈ ਤਾਂ ਉਸ ਗਰਾਂਟ 'ਚੋ ਹੀ ਬਣਾਇਆ ਜਾਵੇਗਾ | ਉਨ੍ਹਾਂ ਭਰੋਸਾ ਦਿੱਤਾ ਕਿ ਨਹੀਂ ਤਾਂ ਗਰਾਂਟ ਮਿਲਦੇ ਹੀ ਬੱਸ ਸਟੈਂਡ 'ਤੇ ਪਖਾਨਿਆਂ ਦੀ ਵਿਵਸਥਾ ਕਰ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਸਟੱਡੀ ਸਰਕਲ ਨੇ ਬਾਲ ਕਵੀਆਂ ਦੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਸੀ.ਪੀ.ਆਈ. (ਐਮ) ਸੰਗਰੂਰ ਦਾ ਤਹਿਸੀਲ ਕਮੇਟੀ ਦਾ ਹੋਇਆ ਡੈਲੀਗੇਟ ਇਜਲਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।