06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨਵੀਂ ਵਾਰਡਬੰਦੀ ਨੂੰ ਲੈ ਕੇ ਨਗਰ ਕੌਂਸਲ ਲੌਂਗੋਵਾਲ ਵਿਖੇ ਭਾਰੀ ਹੰਗਾਮਾ <br/>

ਅਜੀਤ ਡੈਸਕ 27-12-2025
ਲੌਂਗੋਵਾਲ, 26 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਨਗਰ ਕੌਂਸਲ ਲਈ ਨਵੀਂ ਵਾਰਡ ਬੰਦੀ ਨੂੰ ਲੈ ਕੇ ਅੱਜ ਨਗਰ ਕੌਂਸਲ ਵਿਖੇ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਆਗੂਆਂ ਅਤੇ ਕੌਂਸਲਰਾਂ ਅਤੇ ਵਲੋਂ ਭਾਰੀ ਹੰਗਾਮਾ ਕੀਤਾ ਗਿਆ | ਇਸ ਹੰਗਾਮੇ ਦਾ ਕਾਰਨ ਸਰਕਾਰੀ ਅਧਿਕਾਰੀਆਂ ਵਲੋਂ ਸੱਤਾ ਧਿਰ ਨੂੰ ਕਥਿਤ ਤੌਰ 'ਤੇ ਰਾਜਨੀਤਿਕ ਫ਼ਾਇਦਾ ਪਹੁੰਚਾਉਣ ਦਾ ਮਕਸਦ ਦੱਸਿਆ ਜਾ ਰਿਹਾ ਹੈ | ਇਸ ਸਬੰਧ ਵਿਚ ਕਾਂਗਰਸ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡ. ਗੁਰਤੇਗ ਸਿੰਘ ਲੌਂਗੋਵਾਲ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਡੈਲੀਗੇਟ ਕੌਂਸਲਰ ਗੁਰਮੀਤ ਸਿੰਘ ਲੱਲੀ, ਸਰਕਲ ਪ੍ਰਧਾਨ ਸਰਪੰਚ ਸੁਖਵਿੰਦਰ ਸਿੰਘ ਚਹਿਲ, ਮੀਤ ਪ੍ਰਧਾਨ ਰਣਜੀਤ ਸਿੰਘ ਕੂਕਾ, ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਸਰਪ੍ਰਸਤ ਜਥੇ. ਉਦੇ ਸਿੰਘ ਲੌਂਗੋਵਾਲ, ਡੈਲੀਗੇਟ ਗੁਰਮੀਤ ਸਿੰਘ ਸਿੱਧੂ, ਕੌਂਸਲਰ ਸ਼ੁਕਰਪਾਲ ਸਿੰਘ ਬਟੁਹਾ, ਕੌਂਸਲਰ ਜਗਜੀਤ ਸਿੰਘ ਕਾਲਾ, ਕੌਂਸਲਰ ਗੁਰਮੇਲ ਸਿੰਘ ਚੋਟੀਆਂ, ਭਾਜਪਾ ਸਿਟੀ ਪ੍ਰਧਾਨ ਵਿਜੇ ਗੋਇਲ ਅਤੇ ਸੰਜੇ ਸੈਨ ਨੇ ਦੱਸਿਆ ਕਿ ਰਾਜਨੀਤਕ ਮਨਸ਼ਾ ਨਾਲ ਕੀਤੀ ਗਈ ਇਹ ਵਾਰਡ ਬੰਦੀ ਆਮ ਲੋਕਾਂ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਬੱਬ ਬਣੇਗੀ | ਲੌਂਗੋਵਾਲ ਲਈ ਇਸ ਵਾਰਡ ਬੰਦੀ ਦਾ ਸਰਕਾਰੀ ਨੋਟੀਫ਼ਿਕੇਸ਼ਨ ਭਾਵੇਂ 22 ਦਸੰਬਰ ਨੂੰ ਜਾਰੀ ਹੋਇਆ ਹੈ ਜਿਸ ਦੇ ਅਨੁਸਾਰ ਸੱਤ ਦਿਨਾਂ ਦੇ ਅੰਦਰ ਜਨਤਾ ਤੋਂ ਇਤਰਾਜ਼ ਅਤੇ ਸੁਝਾਅ ਮੰਗੇ ਗਏ ਸਨ | ਪ੍ਰੰਤੂ 25 ਦਸੰਬਰ ਤੱਕ ਕਿਸੇ ਵੀ ਕੌਂਸਲਰ ਜਾਂ ਸਿਆਸੀ ਧਿਰ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ | ਨਵੀਂ ਵਾਰਡ ਬੰਦੀ ਨੂੰ ਲੈ ਕੇ ਕੌਂਸਲਰਾਂ ਨੂੰ ਜਦੋਂ ਜਾਣਕਾਰੀ ਮਿਲੀ ਤਾਂ ਭਾਰੀ ਵਿਰੋਧ ਉਪਰੰਤ ਨਗਰ ਕੌਂਸਲ ਵਲੋਂ ਅੰਤਿਮ ਮਿਤੀ 28 ਦਸੰਬਰ ਤੋਂ ਮਹਿਜ਼ ਦੋ ਦਿਨ ਬਾਕੀ ਰਹਿੰਦਿਆਂ ਅੱਜ 26 ਦਸੰਬਰ ਨੂੰ ਨੋਟਿਸ ਚਿਪਕਾ ਦਿੱਤਾ ਗਿਆ ਹੈ ਜਿਸ ਵਿਚ ਦੋ ਛੁੱਟੀਆਂ ਆ ਗਈਆਂ ਹਨ | ਨਵੀਂ ਵਾਰਡ ਬੰਦੀ ਅਨੁਸਾਰ ਸਾਰੇ ਵਾਰਡਾਂ ਦੀ ਤੋੜ ਭੰਨ ਕੀਤੀ ਗਈ ਹੈ | ਪਹਿਲੀ ਗੱਲ ਕਿ ਸਾਰੇ ਵਾਰਡਾਂ ਦੇ ਨੰਬਰ ਬਦਲ ਦਿੱਤੇ ਗਏ ਹਨ | ਇਸ ਕਾਰਨ, ਨਵੀਂ ਹੱਦਬੰਦੀ ਅਤੇ ਨਵੇਂ ਵਾਰਡਾਂ ਦੀ ਸਿਰਜਣਾ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ ਆਪਣੇ ਵੋਟਰ ਕਾਰਡ, ਆਧਾਰ ਕਾਰਡ ਅਤੇ ਸਰਕਾਰੀ ਸੰਸਥਾਵਾਂ ਨਾਲ ਜੁੜੇ ਦਸਤਾਵੇਜ਼ਾਂ ਵਿਚ ਆਪਣੇ ਪਤੇ ਬਦਲਾਉਣ ਲਈ ਬੇਲੋੜੀ ਮੁਸ਼ਕਲ ਪੈਦਾ ਹੋਵੇਗੀ | ਇਸ ਤੋਂ ਇਲਾਵਾ ਕਿਸੇ ਵਾਰਡ ਨੂੰ ਬੇਹੱਦ ਛੋਟਾ ਅਤੇ ਕਿਸੇ ਵਾਰਡ ਨੂੰ ਬਹੁਤ ਵੱਡਾ ਬਣਾ ਦਿੱਤਾ ਗਿਆ ਹੈ | ਵਾਰਡ ਨੰਬਰ 2 ਜਿਹੜਾ 90 ਫ਼ੀਸਦੀ ਦਲਿਤ ਵਸੋਂ ਤੇ ਆਧਾਰਿਤ ਵਾਰਡ ਇਸ ਵਾਰਡ ਨੂੰ ਬੀ.ਸੀ. ਵਾਰਡ ਰਾਖਵਾਂ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ ਜਰਨਲ ਆਬਾਦੀ ਤੇ ਆਧਾਰਿਤ ਵਾਰਡ ਨੂੰ ਜਰਨਲ ਤੋਂ ਰਾਖਵਾਂ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ ਜੋਗੀ ਨਾਥ ਸਪੇਰਿਆਂ ਦੀ ਵਸੋਂ ਤੇ ਆਧਾਰਿਤ ਵਾਰਡ ਨੂੰ ਜਰਨਲ ਬਣਾ ਕੇ ਗ਼ਰੀਬ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ | ਭਾਵੇਂ ਇਤਰਾਜ਼ ਅਤੇ ਸੁਝਾਅ ਲੈਣ ਲਈ ਜਿਸ ਅਧਿਕਾਰੀ ਦੀ ਡਿਊਟੀ ਲਾਈ ਗਈ ਹੈ ਉਹ ਹਾਜ਼ਰ ਹੀ ਨਹੀਂ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਚੁੱਪ ਚਪੀਤੇ ਵਾਰਡ ਬੰਦੀ ਕਰਨਾ ਬੇਹੱਦ ਘਟੀਆ ਕਾਰਵਾਈ ਹੈ | ਵਾਰਡ ਬੰਦੀ ਤੋਂ ਪਹਿਲਾਂ ਨਾ ਤਾਂ ਕੋਈ ਮੁਨਾਦੀ ਕਰਵਾਈ ਗਈ ਹੈ ਅਤੇ ਨਾ ਹੀ ਕਿਸੇ ਹੋਰ ਢੰਗ ਨਾਲ ਲੋਕਾਂ ਤੱਕ ਸੂਚਨਾ ਪਹੁੰਚਾਈ ਗਈ ਹੈ | ਇਹ ਕਾਰਵਾਈ ਪੂਰੀ ਤਰ੍ਹਾਂ ਨਾਲ ਗੈਰ ਸਵਿੰਧਨਿਕ ਹੈ | ਆਪਣੀ ਸੰਭਾਵੀ ਪ੍ਰਤੱਖ ਹਾਰ ਨੂੰ ਵੇਖਦਿਆਂ ਜਿਸ ਤਰ੍ਹਾਂ ਸੱਤਾ ਧਿਰ ਨੇ ਪੰਚਾਇਤੀ ਚੋਣਾਂ ਅਤੇ ਹੁਣ ਵਾਰਡਬੰਦੀ ਵਿਚ ਧੱਕਾ ਕੀਤਾ ਹੈ ਉਸੇ ਤਰ੍ਹਾਂ ਨਗਰ ਕੌਂਸਲ ਚੋਣਾਂ ਵੀ ਧੱਕੇ ਨਾਲ ਜਿੱਤਣਾ ਚਾਹੁੰਦੀ ਹੈ | ਆਗੂਆਂ ਨੇ ਕਿਹਾ ਕਿ ਇਸ ਨਾਦਰਸ਼ਾਹੀ ਫ਼ਰਮਾਨ ਦੇ ਖ਼ਿਲਾਫ਼ ਲੌਂਗੋਵਾਲ ਦੇ ਸਾਰੀਆਂ ਪਾਰਟੀਆਂ ਦੇ ਆਗੂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਮਤ ਹਨ | ਲੌਂਗੋਵਾਲ ਦੇ ਲੋਕ ਆਪਸੀ ਭਾਈਚਾਰਕ ਸਾਂਝ ਨਾਲ ਮਿਲ ਜੁਲ ਕੇ ਰਹਿਣ ਲਈ ਜਾਣੇ ਜਾਂਦੇ ਹਨ ਅਤੇ ਸਰਕਾਰ ਜਾਣਬੁੱਝ ਕੇ ਇਸ ਸਾਂਝ ਨੂੰ ਤੋੜਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਸਾਰੇ ਇਸ ਕਾਰਵਾਈ ਖ਼ਿਲਾਫ਼ ਸੰਘਰਸ਼ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਮਾਣਯੋਗ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ |


ਨਗਰ ਕੌਂਸਲ ਲੌਂਗੋਵਾਲ ਵਿਖੇ ਨਵੀਂ ਵਾਰਡ ਬੰਦੀ ਨੂੰ ਲੈ ਕੇ ਵਿਰੋਧ ਪ੍ਰਗਟ ਕਰਦੇ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂ | ਤਸਵੀਰ : ਵਿਨੋਦ


ਪਿਛਲੀ ਖ਼ਬਰ ਭਵਾਨੀਗੜ੍ਹ ਮੁੱਖ ਮਾਰਗ 'ਤੇ ਲਗਦੇ ਜਾਮ ਕਾਰਨ ਰਾਹਗੀਰ ਜਾਨ ਜੋਖ਼ਮ ਵਿਚ ਪਾ ਕੇ ਕਰਦੇ ਨੇ ਸੜਕ ਪਾਰ <br/> ਅਗਲੀ ਖ਼ਬਰ ਸੋਸ਼ਲ ਮੀਡੀਆ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਵਾਲੇ ਨੇ ਲਿਖਤੀ ਮੁਆਫ਼ੀ ਮੰਗੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।