14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਟਰੈਕਟਰ-ਪਿਕਅੱਪ ਦੀ ਭਿਆਨਕ ਟੱਕਰ 'ਚ ਡਰਾਈਵਰ ਗੰਭੀਰ ਜ਼ਖ਼ਮੀ <br/>

ਅਜੀਤ ਡੈਸਕ 09-12-2025
ਸੁਨਾਮ, 8 ਦਸੰਬਰ (ਅਜਾਇਬ ਸਿੰਘ ਨੀਲੋਵਾਲ)-ਸੁਨਾਮ-ਜਾਖ਼ਲ ਰੋਡ 'ਤੇ ਸਥਿਤ ਛਾਜਲੀ ਓਵਰਬਿ੍ਜ 'ਤੇ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਪਿਕਅੱਪ ਗੱਡੀ ਅਤੇ ਟਰੈਕਟਰ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ | ਹਾਦਸੇ 'ਚ ਪਿਕਅੱਪ ਦਾ ਡਰਾਈਵਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡਾਂ ਤੋਂ ਦੁੱਧ ਇਕੱਠਾ ਕਰ ਕੇ ਸੁਨਾਮ ਵੱਲ ਆ ਰਹੀ ਪਿਕਅਪ ਜਦੋਂ ਓਵਰਬਿ੍ਜ 'ਤੇ ਪਹੁੰਚੀ, ਤਾਂ ਸਾਹਮਣੇ ਪੁਲ ਦੇ ਉੱਪਰ ਹੀ ਉਲਟ ਪਾਸੇ ਟਰੈਕਟਰ ਬਿਨ੍ਹਾਂ ਲਾਈਟਾਂ ਅਤੇ ਰਿਫਲੈਕਟਰਾਂ ਦੇ ਖੜ੍ਹਾ ਕੀਤਾ ਹੋਇਆ ਸੀ | ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਕਿਸੇ ਸ਼ੈਲਰ ਦਾ ਸੀ, ਜਿਸ 'ਤੇ ਚੌਲਾਂ ਦੀ ਰਹਿੰਦ ਡੀ-ਆਇਲਡ ਕੇਕ (ਡੀ.ਓ.ਸੀ.) ਦੇ ਓਵਰ ਲੋਡਿੰਗ ਕਾਰਨ ਕੁਝ ਭਰੇ ਥੈਲੇ ਰਸਤੇ ਵਿਚ ਡਿਗ ਪਏ ਸਨ, ਜਿਨ੍ਹਾਂ ਨੂੰ ਚੁੱਕਣ ਲਈ ਟਰੈਕਟਰ ਚਾਲਕ ਨੇ ਵਾਪਸੀ ਵਿਚ ਪੁਲ 'ਤੇ ਹੀ ਵਾਹਨ ਬਿਨ੍ਹਾਂ ਕਿਸੇ ਚੇਤਾਵਨੀ ਲਾਈਟਾਂ ਚਾਲੂ ਕੀਤੇ ਖੜ੍ਹਾ ਕਰ ਦਿੱਤਾ | ਹਨੇਰੇ ਅਤੇ ਬਿਨ੍ਹਾਂ ਚੇਤਾਵਨੀ ਦੇ ਵਾਹਨ ਖੜ੍ਹਾ ਹੋਣ ਕਾਰਨ ਇਹ ਖ਼ਤਰਨਾਕ ਸਥਿਤੀ ਬਣੀ ਅਤੇ ਪਿਕਅਪ ਸਿੱਧੀ ਟਰੈਕਟਰ ਨਾਲ ਜਾ ਟਕਰਾਈ | ਟੱਕਰ ਐਨੀ ਭਿਆਨਕ ਸੀ ਕਿ ਪਿਕਅਪ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਹਾਦਸੇ 'ਚ ਪਿਕਅਪ ਗੱਡੀ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਨੇ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ | ਦੱਸ ਦਈਏ ਕਿ ਪਿਕਅੱਪ ਗੱਡੀ ਵਿਚ ਦੁੱਧ ਦੇ ਭਰੇ ਡਰੰਮ ਸਨ ਜੋ ਟੱਕਰ ਕਾਰਨ ਸਾਰਾ ਦੁੱਧ ਸੜਕ ਤੇ ਢੇਰੀ ਹੋ ਗਿਆ | ਹਾਦਸੇ ਵਿਚ ਪਿਕਅਪ ਗੱਡੀ ਦਾ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ | ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਜ਼ਖ਼ਮੀ ਡਰਾਈਵਰ ਦੇ ਪਰਿਵਾਰ ਨੇ ਟਰੈਕਟਰ ਚਾਲਕ ਦੀ ਲਾਪਰਵਾਹੀ ਨੂੰ ਹਾਦਸੇ ਦਾ ਮੁੱਖ ਕਾਰਨ ਦੱਸਦਿਆਂ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ |
ਹਾਦਸਿਆਂ ਬਾਰੇ ਕੀ ਕਹਿੰਦੇ ਨੇ ਲੋਕ?
ਸਥਾਨਕ ਨਿਵਾਸੀਆਂ ਅਤੇ ਸਮਾਜ ਸੇਵੀਆਂ ਨੇ ਛਾਜਲੀ ਓਵਰਬਿ੍ਜ 'ਤੇ ਸਥਾਈ ਲਾਈਟਾਂ ਦੀ ਘਾਟ ਨੂੰ ਹਾਦਸਿਆਂ ਦੀ ਮੁੱਖ ਵਜ੍ਹਾ ਦੱਸਦਿਆਂ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ | ਗੱਲਬਾਤ ਕਰਦਿਆਂ ਸਮਾਜ ਸੇਵੀ ਅਤੇ ਸਾਬਕਾ ਮੁਲਾਜ਼ਮ ਆਗੂ ਰਣਜੀਤ ਸਿੰਘ ਛਾਜਲਾ ਨੇ ਦੱਸਿਆ ਕਿ ਹਨੇਰੇ ਕਾਰਨ ਰਾਤ ਸਮੇਂ ਸੜਕ 'ਤੇ ਖੜ੍ਹੇ ਵਾਹਨ ਅਤੇ ਉੱਪਰੋਂ ਸੜਕ ਦੇ ਖੱਡੇ ਨਜ਼ਰ ਨਹੀਂ ਆਉਂਦੇ, ਜਿਸ ਕਾਰਨ ਪਹਿਲਾਂ ਵੀ ਕਈ ਵੱਡੇ ਹਾਦਸਿਆਂ 'ਚ ਲੋਕ ਆਪਣੀ ਜਾਨ ਗੁਆ ਚੁੱਕੇ ਹਨ | ਸਥਾਨਕ ਲੋਕਾਂ ਨੇ ਇਲਾਕੇ ਵਿਚ ਗੈਰ-ਕਮਰਸ਼ੀਅਲ ਅਤੇ ਓਵਰ ਲੋਡਿੰਗ ਵਾਹਨਾਂ 'ਤੇ ਵੀ ਨੱਥ ਪਾਉਣ ਦੀ ਅਪੀਲ ਕੀਤੀ ਹੈ | ਬੇਤਹਾਸ਼ਾ ਭਾਰ ਵਾਲੇ ਵਾਹਨ ਨਾ ਕੇਵਲ ਸੜਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਸਗੋਂ ਦੂਜੇ ਚਾਲਕਾਂ ਦੀ ਜਾਨ ਲਈ ਵੀ ਵੱਡਾ ਖ਼ਤਰਾ ਬਣਦੇ ਹਨ | ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਅਤੇ ਓਵਰਬਿ੍ਜ 'ਤੇ ਰੌਸ਼ਨੀ, ਸੁਰੱਖਿਆ ਸਾਈਨ ਬੋਰਡ ਅਤੇ ਖੱਡਿਆਂ ਦੀ ਮੁਰੰਮਤ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਗੁਰਬਾਣੀ ਕੰਠ ਤੇ ਸੁੰਦਰ ਦਸਤਾਰ ਮੁਕਾਬਲੇ ਬੱਚਿਆਂ ਨੂੰ ਆਪਣੇ ਮੂਲ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ-ਗਿਆਨੀ ਰਘਬੀਰ ਸਿੰਘ... ਅਗਲੀ ਖ਼ਬਰ ਪੰਚਾਇਤੀ ਸੰਮਤੀ ਚੋਣਾਂ ਵਿਚ ਭਾਜਪਾ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ-ਦਿਆਲ ਸੋਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।