ਸੁਨਾਮ ਊਧਮ ਸਿੰਘ ਵਾਲਾ, 19 ਨਵੰਬਰ (ਭੁੱਲਰ, ਧਾਲੀਵਾਲ)-ਉਪ ਮੰਡਲ ਮੈਜਿਸਟਰੇਟ ਸੁਨਾਮ ਸ਼੍ਰੀ ਪ੍ਰਮੋਦ ਸਿੰਗਲਾ ਵਲੋਂ ਉਪ ਮੰਡਲ ਸ਼ਹਿਰ ਦੇ ਸਮੂਹ ਨਿਵਾਸੀਆਂ ਨੂੰ ਸਫ਼ਾਈ ਅਤੇ ਸੁੰਦਰਤਾ ਬਣਾਈ ਰੱਖਣ ਲਈ ਅਪੀਲ ਜਾਰੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਨਗਰ ਕੌਂਸਲ ਵਲੋਂ ਸ਼ਹਿਰ ਨੂੰ 'ਸਵੱਛ ਅਤੇ ਸੁੰਦਰ' ਬਣਾਉਣ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ, ਪਰ ਇਹ ਯਤਨ ਤਦ ਹੀ ਸਫਲ ਹੋ ਸਕਦੇ ਹਨ ਜਦੋਂ ਜਨਤਾ ਇਸ ਮੁਹਿੰਮ ਵਿਚ ਪੂਰਾ ਸਹਿਯੋਗ ਦੇਵੇ |ਐਸ.ਡੀ.ਐਮ. ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਕੁੱਝ ਨਾਗਰਿਕ ਕੂੜਾ-ਕਰਕਟ ਨੂੰ ਸੜਕਾਂ ਦੇ ਕਿਨਾਰਿਆਂ, ਗਲੀਆਂ, ਖੁੱਲ੍ਹੀਆਂ ਥਾਵਾਂ ਅਤੇ ਨਾਲਿਆਂ ਵਿਚ ਸੁੱਟ ਦਿੰਦੇ ਹਨ, ਜਿਸ ਕਾਰਨ ਨਾ ਸਿਰਫ਼ ਸ਼ਹਿਰ ਦੀ ਦਿੱਖ ਖ਼ਰਾਬ ਹੁੰਦੀ ਹੈ, ਸਗੋਂ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਵੱਖ-ਵੱਖ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੀ ਵਧ ਜਾਂਦਾ ਹੈ | ਉਨ੍ਹਾਂ ਅਪੀਲ ਕੀਤੀ ਕਿ ਘਰਾਂ, ਦੁਕਾਨਾਂ ਅਤੇ ਸਾਰੇ ਵਪਾਰਕ ਸਥਾਨਾਂ ਤੋਂ ਨਿਕਲਣ ਵਾਲਾ ਕੂੜਾ ਕੇਵਲ ਨਗਰ ਕੌਂਸਲ ਵਲੋਂ ਰੱਖੇ ਡਸਟਬਿਨਾਂ ਜਾਂ ਨਿਰਧਾਰਿਤ ਥਾਵਾਂ 'ਤੇ ਹੀ ਪਾਇਆ ਜਾਵੇ | ਇਸ ਦੇ ਨਾਲ ਹੀ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਨੂੰ ਤੁਰੰਤ ਕੂੜਾ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੂੜਾ ਪ੍ਰਬੰਧਨ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲਦੀ ਰਹੇ | ਉਨ੍ਹਾਂ ਕਿਹਾ ਕਿ ਜੇਕਰ ਨਾਗਰਿਕ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੂੜਾ ਨਿਰਧਾਰਿਤ ਥਾਵਾਂ 'ਤੇ ਹੀ ਪਾਉਣਗੇ ਤਾਂ ਸਫ਼ਾਈ ਕਰਮਚਾਰੀਆਂ ਨੂੰ ਕੂੜਾ ਇਕੱਠਾ ਕਰਨ ਵਿਚ ਬੇਹੱਦ ਸਹੂਲਤ ਮਿਲੇਗੀ, ਸਾਰਾ ਖੇਤਰ ਹੋਰ ਕੁਸ਼ਲਤਾ ਨਾਲ ਸਾਫ਼ ਹੋ ਸਕੇਗਾ ਅਤੇ ਸ਼ਹਿਰ ਦੀ ਸਮੁੱਚੀ ਦਿੱਖ ਵਿਚ ਵੀ ਸੁਧਾਰ ਆਵੇਗਾ | ਇਸ ਨਾਲ ਨਾ ਕੇਵਲ ਵਾਤਾਵਰਨ ਸਾਫ਼-ਸੁਥਰਾ ਰਹੇਗਾ, ਸਗੋਂ ਪੂਰੇ ਭਾਈਚਾਰੇ ਦਾ ਮਾਣ ਵੀ ਵਧੇਗਾ | ਐਸ.ਡੀ.ਐਮ. ਨੇ ਪੂਰਾ ਭਰੋਸਾ ਜਤਾਇਆ ਕਿ ਨਾਗਰਿਕ, ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਦੇ ਹੋਏ ਉਪ-ਮੰਡਲ ਨੂੰ ਸਫ਼ਾਈ ਦੇ ਮਾਮਲੇ ਵਿਚ ਇੱਕ ਮਿਸਾਲੀ ਖੇਤਰ ਬਣਾਉਣ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣਗੇ |