ਅਮਰਗੜ੍ਹ, 19 ਨਵੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਨੇੜਲੇ ਪਿੰਡ ਨੰਗਲ ਦੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਸਰਪੰਚ ਮਨਪ੍ਰੀਤ ਸਿੰਘ ਮਨੀ 'ਤੇ ਮੰਗਲਵਾਰ ਸ਼ਾਮ ਕੁੱਝ ਅਣਪਛਾਤੇ ਹਮਲਾਵਰਾਂ ਵਲੋਂ ਤਾਬੜਤੋੜ ਜਾਨਲੇਵਾ ਹਮਲਾ ਕੀਤਾ ਗਿਆ | ਜਿਸ ਦੇ ਚੱਲਦਿਆਂ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ ਅਤੇ ਇਸ ਵੇਲੇ ਪਟਿਆਲਾ ਦੇ ਨਿੱਜੀ ਹਸਪਤਾਲ 'ਚ ਜੇਰੇ ਇਲਾਜ ਹੈ | ਸਰਪੰਚ ਦੇ ਭਰਾ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ ਨੇ ਦੱਸਿਆ ਕਿ ਮਨਪ੍ਰੀਤ ਅਮਰਗੜ੍ਹ ਨੂੰ ਜਾ ਰਿਹਾ ਸੀ, ਜਦੋਂ ਚੋਣੀ ਰੰਜਸ਼ ਕਾਰਨ ਹਮਲਾਵਰਾਂ ਨੇ ਸ਼ੈਲਰ ਨੇੜੇ ਉਸ ਨੰੂ ਘੇਰ ਕੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਹਮਲੇ ਤੋਂ ਬਾਅਦ ਖ਼ੂਨ ਨਾਲ ਲੱਥਪੱਥ ਜ਼ਖ਼ਮੀ ਸਰਪੰਚ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਹਾਲਤ ਨਾਜ਼ੁਕ ਹੋਣ ਕਾਰਨ ਅਮਰਗੜ੍ਹ ਕਮਿਊਨਿਟੀ ਹੈਲਥ ਸੈਂਟਰ ਤੋਂ ਮਲੇਰਕੋਟਲਾ ਤੇ ਫਿਰ ਮਲੇਰਕੋਟਲਾ ਤੋਂ ਸਿੱਧਾ ਪਟਿਆਲਾ ਦੇ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਹ ਆਪ੍ਰੇਸ਼ਨ ਤੋਂ ਬਾਅਦ ਇਲਾਜ ਅਧੀਨ ਹਨ | ਚੇਅਰਮੈਨ ਹਰਪ੍ਰੀਤ ਸਿੰਘ ਦੱਸੇ ਮੁਤਾਬਕ ਸਰਪੰਚੀ ਚੋਣਾਂ ਦੌਰਾਨ ਪੈਦਾ ਹੋਈ ਰੰਜਸ਼ ਕਾਰਨ ਪਿੰਡ ਦੇ ਕੁੱਝ ਲੋਕਾਂ ਵਲੋਂ ਪਿਛਲੇ ਕਈ ਦਿਨ ਤੋਂ ਉਸ ਦੀ ਅਤੇ ਉਸ ਦੇ ਭਰਾ ਮਨਪ੍ਰੀਤ ਸਿੰਘ ਦੀ ਰੈਕੀ ਕੀਤੀ ਜਾ ਰਹੀ ਸੀ | ਇਸ ਸੰਬੰਧੀ ਉਹ ਪੰਦਰਾਂ ਦਿਨ ਪਹਿਲਾਂ ਅਮਰਗੜ੍ਹ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦੇ ਚੁੱਕੇ ਹਨ | ਇਸ ਮਾਮਲੇ ਨੂੰ ਲੈ ਕੇ ਜਦੋਂ ਅਮਰਗੜ੍ਹ ਥਾਣਾ ਮੁਖੀ ਦਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ, ਤਾਂ ਉਹ ਸਿਰਫ਼ ਇੰਨਾ ਕਹਿਣ ਤੱਕ ਹੀ ਸੀਮਿਤ ਰਹੇ ਕਿ ਉਹ ਪੂਰਾ ਦਿਨ ਐਸ.ਸੀ ਕਮਿਸ਼ਨ ਕੋਲ ਵਿਅਸਤ ਸਨ ਅਤੇ ਸਰਪੰਚ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |