ਮਲੇਰਕੋਟਲਾ, 19 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਅਮਾਯਾਹ ਨੇਚੁਰਲ ਕਿਓਰ ਸੈਂਟਰ ਵਲੋਂ ਪੇਟ ਅਤੇ ਜਿਗਰ ਦੀਆਂ ਪੁਰਾਣੀਆਂ ਬਿਮਾਰੀਆਂ ਦੇ ਇਲਾਜ ਲਈ ਇੱਕ ਵਿਸ਼ਾਲ ਆਯੁਰਵੈਦਿਕ ਮੈਗਾ ਮੁਫ਼ਤ ਜਾਂਚ ਕੈਂਪ ਦਾ ਆਯੋਜਨ 23 ਨਵੰਬਰ ਦਿਨ ਐਤਵਾਰ ਨੂੰ ਨਾਭਾ ਰੋਡ, ਈਦਗਾਹ ਕਲੋਨੀ, ਕਿਲ੍ਹਾ ਰਹਿਮਤਗੜ੍ਹ ਮਲੇਰਕੋਟਲਾ ਵਿਖੇ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਕੀਤਾ ਜਾ ਰਿਹਾ ਹੈ | ਉਪਰੋਕਤ ਜਾਣਕਾਰੀ ਦਿੰਦਿਆਂ ਡਾਕਟਰ ਸ਼ਾਹਿਦ ਪਰਵੇਜ਼ ਨੇ ਦੱਸਿਆ ਕਿ ਇਸ ਕੈਂਪ ਵਿਚ ਬਿਮਾਰੀਆਂ ਦਾ ਇਲਾਜ ਆਯੁਰਵੈਦਿਕ ਤਰੀਕੇ ਨਾਲ ਕੀਤਾ ਜਾਵੇਗਾ, ਆਉਣ ਵਾਲੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਜ਼ਰੂਰੀ ਲੈਬ ਟੈੱਸਟ ਵੀ ਮੁਫ਼ਤ ਕੀਤੇ ਜਾਣਗੇ, ਤੇਜ਼ਾਬ ਰਹਿਤ ਫੈਟੀ ਲਿਵਰ ਕਾੜ੍ਹਾ ਮੁਫ਼ਤ ਪਿਲਾਇਆ ਜਾਵੇਗਾ ਅਤੇ ਕੈਂਪ ਵਾਲੇ ਦਿਨ ਬਵਾਸੀਰ, ਭਗੰਦਰ ਦਾ ਚੀਰਾ ਰਹਿਤ ਆਪ੍ਰੇਸ਼ਨ 50 ਫ਼ੀਸਦੀ ਖ਼ਰਚੇ ਤੇ ਕੀਤਾ ਜਾਵੇਗਾ | ਉਨ੍ਹਾਂ ਅੱਗੇ ਦੱਸਿਆ ਕਿ ਪੁਰਾਣੀ ਬਵਾਸੀਰ, ਭਗੰਦਰ ਅਤੇ ਗੁਦਾ ਮਾਰਗ ਦਾ ਚੀਰਾ, ਪੁਰਾਣੀ ਕਬਜ਼, ਪੁਰਾਣੇ ਦਸਤ, ਸੰਗ੍ਰਹਿਣੀ, ਪੇਟ ਵਿਚ ਦਰਦ, ਤੇਜ਼ਾਬੀ ਮਿਹਦਾ, ਪੇਟ ਦਾ ਫੁੱਲਣਾ, ਮਿਹਦੇ ਅੰਦਰ ਜ਼ਖ਼ਮ, ਫੈਟੀ ਲੀਵਰ (ਜਿਗਰ ਦੀ ਸੋਜ), ਭੁੱਖ ਨਾ ਲੱਗਣਾ, ਬਦਹਜ਼ਮੀ ਅਤੇ ਉਲਟੀ ਆਉਣਾ ਆਦਿ ਦੀ ਜਾਂਚ ਤਜਰਬੇਕਾਰ ਡਾਕਟਰਾਂ ਦੀ ਟੀਮ ਜਿਸ ਵਿਚ ਡਾਕਟਰ ਸ਼ਾਹਿਦ ਪਰਵੇਜ਼, ਡਾਕਟਰ ਪੰਕਜ ਸ਼ੀਤਲ, ਡਾਕਟਰ ਜਸਪ੍ਰੀਤ ਸਿੰਘ, ਉਪਵੇਦ ਗਗਨਦੀਪ ਸਿੰਘ, ਉਪਵੇਦ ਸੰਦੀਪ ਸਿੰਘ ਜਾਂਚ ਕਰੇਗੀ | ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਸ ਕੈਂਪ ਵਿਚ ਵੱਧ ਤੋਂ ਵੱਧ ਪਹੁੰਚ ਕੇ ਲਾਭ ਉਠਾਉਣ ਦੀ ਅਪੀਲ ਕੀਤੀ |