ਭੁੱਚੋ ਮੰਡੀ, 19 ਨਵੰਬਰ (ਪਰਵਿੰਦਰ ਸਿੰਘ ਜੌੜਾ)-ਭੁੱਚੋ ਖ਼ੁਰਦ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਸਥਿਤ ਆਂਗਣਵਾੜੀ ਕੇਂਦਰ ਨੰਬਰ 114 ਅਤੇ 115 ਦੀ ਇਮਾਰਤ ਅਸੁਰੱਖਿਅਤ ਹੋਣ ਕਰਕੇ ਮਾਪੇ ਇੱਥੇ ਆਪਣੇ ਨੰਨ੍ਹੇ-ਮੁੰਨੇ ਬੱਚੇ ਭੇਜਣ ਤੋਂ ਕਤਰਾਉਣ ਲੱਗੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦੋਵੇਂ ਆਂਗਣਵਾੜੀ ਕੇਂਦਰਾਂ ਵਿਚ ਪਿਛਲੇ ਕਈ ਮਹੀਨਿਆਂ ਤੋਂ ਇਕ ਵੀ ਬੱਚਾ ਨਹੀਂ ਭੇਜਿਆ ਗਿਆ | ਇੱਥੋਂ ਤੱਕ ਕਿ ਦੋਨੋਂ ਆਂਗਣਵਾੜੀ ਕੇਂਦਰਾਂ ਦੀਆਂ 4 ਵਰਕਰਾਂ ਵੀ ਗਰਮੀ/ਸਰਦੀ ਵਿਚ ਇਮਾਰਤ ਤੋਂ ਬਾਹਰ ਬੈਠ ਕੇ ਡਿਊਟੀ ਕਰਦੀਆਂ ਹਨ | ਜਾਪਦਾ ਹੈ ਕਿ ਸਰਕਾਰ ਕੋਲ ਇਨ੍ਹਾਂ ਆਂਗਣਵਾੜੀ ਕੇਂਦਰਾਂ ਦੀ ਇਮਾਰਤ ਦੀ ਉਸਾਰੀ ਲਈ ਫੰਡ ਅਤੇ ਨੀਯਤ ਦੋਨੋਂ ਨਾਦਾਰਦ ਹਨ | ਸਿੱਖਿਆ ਵਿਭਾਗ ਨੇ 1 ਅਗਸਤ 2025 ਨੂੰ ਪੱਤਰ ਜਾਰੀ ਕਰਕੇ ਪੰਜਾਬ ਦੇ ਸਮੁੱਚੇ ਸਕੂਲਾਂ ਦੀਆਂ ਇਮਾਰਤਾਂ ਦਾ ਸਰਵੇਖਣ ਕਰਨ ਦੀ ਹਦਾਇਤ ਕੀਤੀ ਸੀ | ਕਿਹਾ ਗਿਆ ਸੀ ਕਿ ਜੇਕਰ ਕੋਈ ਇਮਾਰਤ ਅਸੁਰੱਖਿਅਤ ਹੈ ਤਾਂ ਉਸ ਵਿਚ ਬੱਚੇ ਨਾ ਬਿਠਾਏ ਜਾਣ | ਅਸੁਰੱਖਿਅਤ ਇਮਾਰਤ ਸਬੰਧੀ ਰਿਪੋਰਟ 5 ਅਗਸਤ 2025 ਤੱਕ ਮੰਗੀ ਗਈ ਸੀ | ਇਸ ਦੇ ਜਵਾਬ ਵਿਚ ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਚਰਨਜੀਤ ਕੌਰ ਦੀ ਅਗਵਾਈ ਵਿਚ ਸਮੂਹ ਕਮੇਟੀ ਮੈਂਬਰਾਂ ਨੇ ਦਸਤਖ਼ਤ ਕਰਕੇ ਵਿਭਾਗ ਦੇ ਲਿਖਤੀ ਧਿਆਨ ਵਿਚ ਲਿਆਂਦਾ ਸੀ ਕਿ ਇਸ ਆਂਗਣਵਾੜੀ ਕੇਂਦਰ ਦੀ ਇਮਾਰਤ ਖਸਤਾ ਹਾਲ ਅਤੇ ਅਸੁਰੱਖਿਅਤ ਹੈ | ਕਮੇਟੀ ਨੇ ਮੰਗ ਕੀਤੀ ਸੀ ਕਿ ਇਸ ਅਸੁਰੱਖਿਅਤ ਇਮਾਰਤ ਨੂੰ ਢਾਹ ਕੇ ਇੱਥੇ ਨਵੀਂ ਇਮਾਰਤ ਬਣਾਈ ਜਾਵੇ | ਪ੍ਰੰਤੂ ਅਜੇ ਤੱਕ ਸਰਕਾਰ ਨੇ ਇਸ ਵੱਲ ਸੁਵੱਲੀ ਨਜ਼ਰ ਨਹੀਂ ਕੀਤੀ |