ਛਾਜਲੀ, 18 ਨਵੰਬਰ (ਅਜਾਇਬ ਸਿੰਘ ਨੀਲੋਵਾਲ)-ਪਿੰਡ ਧਾਲੀਵਾਲ ਪੱਤੀ ਦੇ 21 ਸਾਲਾਂ ਨੌਜਵਾਨ ਜਸ਼ਨਦੀਪ ਸਿੰਘ ਦੀ ਮੌਤ ਮਾਮਲੇ ਵਿਚ ਵੱਡੇ ਖ਼ੁਲਾਸੇ ਸਾਹਮਣੇ ਆਏ ਹਨ | ਡੀ.ਐਸ.ਪੀ ਡਾ. ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਦਾ ਸਿੱਧਾ ਸਬੰਧ ਇਕ ਭਾਰੀ ਇਮੀਗ੍ਰੇਸ਼ਨ ਠੱਗੀ ਨਾਲ ਜੁੜਿਆ ਹੈ, ਜਿਸ ਕਾਰਨ ਜਸ਼ਨਦੀਪ ਗੰਭੀਰ ਤਣਾਅ ਦਾ ਸ਼ਿਕਾਰ ਹੋ ਗਿਆ ਸੀ | ਜਾਣਕਾਰੀ ਅਨੁਸਾਰ ਪਟਿਆਲਾ ਦੀ ਇੱਕ ਇਮੀਗ੍ਰੇਸ਼ਨ ਫ਼ਰਮ ਦੇ ਮਾਲਕਾਂ ਨੇ ਜਸ਼ਨਦੀਪ ਸਿੰਘ ਅਤੇ ਇੱਕ ਹੋਰ ਨੌਜਵਾਨ ਤੋਂ ਇੰਗਲੈਂਡ ਭੇਜਣ ਦੇ ਨਾਂਅ 'ਤੇ ਕੁੱਲ 25 ਲੱਖ ਰੁਪਏ ਹੜਪ ਲਈ | ਦੋਸ਼ੀਆਂ ਨੇ ਉਨ੍ਹਾਂ ਨੂੰ ਜਾਅਲੀ ਵੀਜ਼ਾ, ਜਾਅਲੀ ਟਿਕਟਾਂ ਤੇ ਨਕਲੀ ਦਸਤਾਵੇਜ਼ ਤੱਕ ਮੁਹੱਈਆ ਕਰਵਾਏ | ਸਿਰਫ਼ ਜਸ਼ਨਦੀਪ ਤੋਂ ਹੀ 12.50 ਲੱਖ ਰੁਪਏ ਲਏ ਗਏ ਸਨ | ਠੱਗੀ ਬੇਨਕਾਬ ਹੋਣ ਤੋਂ ਬਾਅਦ ਜਸ਼ਨਦੀਪ ਗਹਿਰੇ ਤਣਾਅ ਵਿਚ ਚਲਾ ਗਿਆ | ਪਰਿਵਾਰ ਵਲੋਂ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾਉਣ ਦੇ ਬਾਵਜੂਦ ਉਹ ਡੀਐਮਸੀ ਲੁਧਿਆਣਾ ਵਿਚ ਦਮ ਤੋੜ ਗਿਆ | ਪੁਲਿਸ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਦੋਸ਼ੀਆਂ ਵਿਰੁੱਧ ਧਾਰਾਵਾਂ ਚੀਟਿੰਗ, ਨਕਲੀ ਦਸਤਾਵੇਜ਼ ਬਣਾਉਣ, ਵਰਤਣ ਅਤੇ ਸੈਕਸ਼ਨ 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਐਫਆਈਆਰ ਦਰਜ ਕੀਤੀ ਹੈ | ਡੀਐਸਪੀ ਬਾਜਵਾ ਨੇ ਦੱਸਿਆ ਕਿ ਪੁਲਿਸ ਟੀਮ ਨੇ ਰੇਡ ਕਰਕੇ ਕਥਿਤ ਚਾਰ ਦੋਸ਼ੀਆਂ ਅਰਸ਼ਦੀਪ ਸਿੰਘ ਵਾਸੀ ਪਟਿਆਲਾ, ਸਿਮਰਨ ਸਿੰਘ, ਗੁਰਪ੍ਰੀਤ ਸਿੰਘ ਸਨੌਰ ਤੇ ਸਾਹਿਬ ਸਿੰਘ ਵਾਸੀ ਪਟਿਆਲਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਸਾਰੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਗਿਆ ਹੈ ਤਾਂ ਜੋ ਅੱਗੇ ਦੀ ਜਾਂਚ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕੇ | ਇਸ ਦੁਖਦਾਈ ਘਟਨਾ ਕਾਰਨ ਖੇਤਰ ਵਿਚ ਇਮੀਗ੍ਰੇਸ਼ਨ ਫਰੌਡ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਚਿੰਤਾ ਵਧ ਗਈ ਹੈ | ਲੋਕਾਂ ਵਿਚ ਕਾਨੂੰਨੀ ਕਾਰਵਾਈ ਅਤੇ ਨਿਆਂ ਦੀ ਉਮੀਦ ਬਹੁਤ ਜ਼ਿਆਦਾ ਹੈ |