ਮਲੇਰਕੋਟਲਾ, 6 ਨਵੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਨੌਜਵਾਨੀ ਨੂੰ ਸਿੱਖ ਵਿਰਸੇ ਅਤੇ ਸਭਿਆਚਾਰ ਨਾਲ ਜੋੜਨ ਦੇ ਲਈ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੇਵਾ ਸੋਸਾਇਟੀ ਸਰੌਦ ਵਲੋਂ 28 ਅਤੇ 29 ਨਵੰਬਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵਿਰਾਸਤ-ਏ-ਸਭਾ ਕਰਵਾਈ ਜਾ ਰਹੀ ਹੈ | ਜਿੱਥੇ ਪੰਜਾਬ ਦੇ ਨਾਮੀ ਕਵੀਸ਼ਰੀ ਜਥੇ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਸਭਿਆਚਾਰ ਨਾਲ ਜੋੜਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਦੱਸਿਆ ਕਿ ਸੇਵਾ ਸੋਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਜਥੇਦਾਰ ਟੌਹੜਾ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਸਵਰਗੀ ਪ੍ਰਧਾਨ ਅਮਨਦੀਪ ਸਿੰਘ ਰੰਗੀ ਨੂੰ ਸਮਰਪਿਤ ਇੱਕ 2 ਰੋਜ਼ਾ ਵਿਸ਼ਾਲ ਵਿਰਾਸਤ ਏ ਸਭਾ ਕਰਵਾਈ ਜਾ ਰਹੀ ਹੈ ਜਿੱਥੇ ਪੰਜਾਬ ਦੇ ਨਾਮਵਰ ਕਵੀਸ਼ਰ ਕੁਲਵੰਤ ਸਿੰਘ ਮਾਣੂਕੇ, ਪ੍ਰੀਤ ਸਿੰਘ ਸੰਦਲ, ਲਖਬੀਰ ਸਿੰਘ ਤਖਤੂਪੁਰਾ ਅਤੇ ਗੁਰਜੀਤ ਸਿੰਘ ਮੰਡੇਰ ਦੇ ਜਥੇ ਵੱਲੋਂ ਸੰਗਤਾਂ ਨੂੰ ਇਤਿਹਾਸ ਸੁਣਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸੁਰਤਾਲ ਦੇ ਗਿਆਤਾ ਪੰਡਤ ਰੇਵਤੀ ਪ੍ਰਸਾਦ ਸ਼ਰਮਾ ਨੂੰ ਕਵੀਸ਼ਰ ਨਾਜ਼ਰ ਸਿੰਘ ਸਰੌਦ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਸਨਮਾਨਿਤ ਸ਼ਖ਼ਸੀਅਤਾਂ ਦੇ ਵਿਚ ਸ੍ਰੀ ਅਵਿਨਾਸ਼ ਚੰਦ ਸੂਦ ਭਾਦਸੋਂ ਵਾਲਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਦਿੱਤੇ ਜਾਣਗੇ | ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਆਖਿਆ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਵਿਰਾਸਤ ਏ ਸਭਾ ਦਾ ਸਮਾਗਮ ਕਰਵਾਉਣ ਦੇ ਨਾਲ-ਨਾਲ ਲੋੜਵੰਦਾਂ ਦੀ ਸਹਾਇਤਾ ਲਈ ਵੀ ਵੱਡੇ ਕਾਰਜ ਕੀਤੇ ਜਾਂਦੇ ਹਨ | ਜਥੇਦਾਰ ਟੌਹੜਾ ਦੀ ਸੋਚ ਨੂੰ ਜਿੳਾੂਦਾ ਰੱਖਣ ਦੇ ਲਈ ਸੇਵਾ ਸੁਸਾਇਟੀ ਵਲੋਂ ਪਿੰਡ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਜਾਂਦਾ ਹੈ | ਸਭਾ ਦੇ ਆਖ਼ਰੀ ਦਿਨ ਲੋੜਵੰਦ ਵਿਅਕਤੀਆਂ ਨੂੰ ਗਰਮ ਕੱਪੜਿਆਂ ਦੀ ਵੰਡ ਵੀ ਕੀਤੀ ਜਾਵੇਗੀ | ਇਸ ਮੌਕੇ ਸੇਵਾ ਸੁਸਾਇਟੀ ਦੇ ਸਮੂਹ ਅਹੁਦੇਦਾਰ ਹਾਜ਼ਰ ਸਨ |