ਮਲੇਰਕੋਟਲਾ, 31 ਅਗਸਤ (ਮਨਜਿੰਦਰ ਸਿੰਘ ਸਰੌਦ) - ਪ੍ਰਵਾਸੀ ਪੰਜਾਬੀ ਤੇ ਦੇਸ਼ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਹੋ ਸਕੇ | ਕਿਉਂਕਿ ਪੰਜਾਬੀਆਂ ਨੇ ਸਦਾ ਹੀ ਹੋਰਨਾਂ ਸੂਬਿਆਂ ਵਿਚ ਜਾ ਕੇ ਮਦਦ ਕੀਤੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਰਾਹਤ ਸਮੱਗਰੀ ਦਾ ਸਾਮਾਨ ਇਕੱਠਾ ਕਰਨ ਸਮੇਂ ਗੱਲਬਾਤ ਕਰਦਿਆਂ ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੇ ਪੀ.ਏ. ਗੁਰਮੁਖ ਸਿੰਘ ਸਰਪੰਚ ਪਿੰਡ ਖ਼ਾਨਪੁਰ ਅਤੇ ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਦਸੌਧਾ ਸਿੰਘ ਵਾਲਾ ਨੇ ਗੱਲਬਾਤ ਕਰਦਿਆਂ ਕੀਤਾ | ਦੋਵਾਂ 'ਆਪ' ਆਗੂਆਂ ਨੇ ਆਖਿਆ ਕਿ ਅੱਜ ਪੰਜਾਬ ਦੇ ਲੋਕ ਬੇਹੱਦ ਨਾਜ਼ੁਕ ਭਰੇ ਦੌਰ ਵਿਚੋਂ ਗੁਜ਼ਰ ਰਹੇ ਹਨ ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀਏ | ਉਨ੍ਹਾਂ ਆਖਿਆ ਕਿ ਹਲਕਾ ਵਿਧਾਇਕ ਡਾ. ਰਹਿਮਾਨ ਵਲੋਂ ਵੀ ਲੋਕਾਂ ਦੇ ਸਹਿਯੋਗ ਸਦਕਾ ਭਾਰੀ ਗਿਣਤੀ ਵਿੱਚ ਰਾਹਤ ਸਮਗਰੀ ਪੀੜਿਤ ਪਰਿਵਾਰਾਂ ਨੂੰ ਭੇਜੀ ਜਾ ਰਹੀ ਹੈ | ਸਰਕਾਰ ਅਤੇ ਦੇਸ਼ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਕੀਤੇ ਕਾਰਜਾਂ ਸਦਕਾ ਹੀ ਪੀੜਿਤ ਪਰਿਵਾਰਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਹੋ ਸਕੇਗਾ, ਜਿਸ ਦੀ ਅੱਜ ਲੋੜ ਹੈ |