ਸੰਗਰੂਰ, 31 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਭਾਸ਼ਾ ਵਿਭਾਗ ਦੇ ਡਾਇਰੈਕਟਰ ਸ: ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀਆਂ ਆਪਣੇ ਅਧਿਕਾਰੀਆਂ ਨੰੂ ਦਫ਼ਤਰੀ ਕੰਮਕਾਜ ਪੰਜਾਬੀ ਭਾਸ਼ਾ ਵਿਚ ਕਰਨ ਦੀਆਂ ਸਖ਼ਤ ਹਦਾਇਤਾਂ ਹਨ ਜਿਨ੍ਹਾਂ ਉੱਤੇ ਸਮੇਂ ਸਮੇਂ ਸਿਰ ਭਾਸ਼ਾ ਵਿਭਾਗ ਵਲੋਂ ਨਜ਼ਰ ਰੱਖੀ ਜਾਂਦੀ ਹੈ | ਅੱਜ ਇੱਥੇ ਸਾਹਿਤ ਸਦਨ ਸੰਗਰੂਰ ਵਲੋਂ ਕਰਵਾਏ ਗਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਜਿੱਥੇ ਉਨ੍ਹਾਂ ਨੰੂ ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ ਪੰਜਾਬੀ ਪ੍ਰਤੀ ਅਣਗਹਿਲੀ ਹੁੰਦੀ ਦਿਖਾਈ ਦੇਵੇ, ਤੁਰੰਤ ਭਾਸ਼ਾ ਵਿਭਾਗ ਦੇ ਧਿਆਨ ਵਿਚ ਲਿਆਂਦਾ ਜਾਵੇ | ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿਚ ਪੰਜਾਬੀ ਕੌਮ ਹੀ ਹੈ ਜਿਸ ਦਾ ਇਕ ਹਿੱਸਾ ਪੰਜਾਬੀ ਨੰੂ ਆਪਣੀ ਮਾਂ ਬੋਲੀ ਨਹੀਂ ਮੰਨਦਾ ਅਤੇ ਇਹ ਸਾਡੇ ਲਈ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ | ਇਸ ਤੋਂ ਪਹਿਲਾਂ ਉਨ੍ਹਾਂ ਨੇ ਡਾ: ਹਰਪ੍ਰੀਤ ਕੌਰ ਖ਼ਾਲਸਾ ਦੀ ਪੰਜਾਬੀ ਪੁਸਤਕ 'ਤੋਸ਼ਾਖ਼ਾਨਾ' ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਅਤੇ ਕਿਹਾ ਕਿ ਪੰਜਾਬੀਆਂ ਨੰੂ ਆਪਣਾ ਇਤਿਹਾਸ ਜਾਨਣ ਦੀ ਲੋੜ ਹੈ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ: ਜਸਵੰਤ ਸਿੰਘ ਖਹਿਰਾ ਨੇ ਜਿੱਥੇ ਤੋਸ਼ਾਖ਼ਾਨਾ ਦੇ ਲੇਖਿਕਾ ਡਾ: ਹਰਪ੍ਰੀਤ ਕੌਰ ਦੇ ਉੱਦਮ ਦੀ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਨੇ ਪੰਜਾਬੀਆਂ ਦੀ ਆਪਣੀ ਮਾਂ ਬੋਲੀ ਅਤੇ ਆਪਣਾ ਇਤਿਹਾਸ ਸੰਭਾਲਣ ਦਾ ਸੱਦਾ ਦਿੱਤਾ | 'ਤੋਸ਼ਾਖ਼ਾਨਾ' ਲੋਕ ਅਰਪਣ ਕਰਨ ਦੀ ਰਸਮ ਜਸਵੰਤ ਸਿੰਘ ਜ਼ਫ਼ਰ, ਜਸਵੰਤ ਸਿੰਘ ਖਹਿਰਾ, ਮੋਹਨ ਸ਼ਰਮਾ, ਡਾ: ਇਕਬਾਲ ਸਿੰਘ, ਬਲਵੰਤ ਸਿੰਘ ਜੋਗਾ, ਡਾ: ਨਰਵਿੰਦਰ ਕੌਂਸ਼ਲ, ਕੁਲਵੰਤ ਕਸ਼ਕ, ਸੁਰਿੰਦਰਪਾਲ ਸਿੰਘ ਸਿਦਕੀ, ਅਭੈਜੀਤ ਸਿੰਘ ਗਰੇਵਾਲ ਅਤੇ ਜੀਤ ਹਰਜੀਤ ਨੇ ਅਦਾ ਕੀਤੀ | ਜੀਤ ਹਰਜੀਤ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਨਾਮਵਰ ਲੇਖਕ ਮੋਹਨ ਸ਼ਰਮਾ, ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਡਾ: ਨਰਵਿੰਦਰ ਕੌਸ਼ਲ ਸਾਬਕਾ ਡੀਨ ਕੁਰਕਸ਼ੈਤਰ ਯੂਨੀਵਰਸਿਟੀ, ਪਿ੍ੰਸੀਪਲ ਡਾ: ਰਸ਼ਪਿੰਦਰ ਕੌਰ, ਪਿ੍ੰਸੀਪਲ ਜਸਪਾਲ ਕੌਰ, ਪਿ੍ੰਸੀਪਲ ਜੋਤੀ ਗੁਪਤਾ, ਰਾਜਦੀਪ ਕੌਰ ਬਰਾੜ ਅਤੇ ਸਦਨ ਦੇ ਚੇਅਰਮੈਨ ਸ: ਬਲਵੰਤ ਸਿੰਘ ਜੋਗਾ ਨੇ ਵੀ ਸਮਾਗਮ ਨੰੂ ਸੰਬੋਧਨ ਕੀਤਾ | ਸਮਾਗਮ ਦੇ ਦੂਜੇ ਦੌਰ ਵਿਚ ਨਾਮਵਰ ਉਦਯੋਗਪਤੀ ਵਿਨੋਦ ਮਘਾਨ ਦੀ ਪ੍ਰਧਾਨਗੀ ਹੇਠਲੇ ਕਵੀ ਦਰਬਾਰ ਦੀ ਸ਼ੁਰੂਆਤ ਬਲਜੀਤ ਸ਼ਰਮਾ ਨੇ ਆਪਣੀ ਸੋਹਜ ਭਰੀ ਆਵਾਜ਼ ਅਤੇ ਅੰਦਾਜ਼ ਨਾਲ ਪੇਸ਼ ਕੀਤੀ | ਮੋਹਨ ਸ਼ਰਮਾ, ਜੀਤ ਹਰਜੀਤ, ਨੂਰਦੀਪ ਕੋਮਲ, ਕੁਲਵੰਤ ਕਸ਼ਕ, ਸੁਰਿੰਦਰਪਾਲ ਸਿੰਘ ਸਿਦਕੀ, ਸਸ਼ੀ ਬਾਲਾ, ਡਾ: ਇਕਬਾਲ ਸਿੰਘ ਸਕਰੌਦੀ ਅਤੇ ਪਰਮਜੀਤ ਸਿੰਘ ਦਰਦੀ ਨੇ ਆਪਣੀਆਂ ਰਚਨਾਵਾਂ ਨਾਲ ਕਵੀ ਦਰਬਾਰ ਦਾ ਰੰਗ ਬੰਨਿ੍ਹਆ | ਸਾਹਿਤ ਸਦਨ ਦੇ ਮੀਤ ਪ੍ਰਧਾਨ ਸਸ਼ੀ ਬਾਲਾ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਰਮਨੀਤ ਚਾਨੀ ਨੇ ਧੰਨਵਾਦ ਕੀਤਾ | ਇਸ ਮੌਕੇ ਸਤਨਾਮ ਸਿੰਘ ਦਮਦਮੀ, ਗੁਰਸਾਹਿਬ ਸਿੰਘ, ਗੁਰਇਨਾਇਤ ਸਿੰਘ ਸਮੇਤ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ | ਸਾਹਿਤ ਸਭਾ ਵਲੋਂ ਸ: ਜਸਵੰਤ ਸਿੰਘ ਜ਼ਫ਼ਰ ਅਤੇ ਸ: ਜਸਵੰਤ ਸਿੰਘ ਖਹਿਰਾ ਨੰੂ ਸਤਿਕਾਰ ਚਿੰਨ੍ਹ ਭੇਂਟ ਕੀਤੇ ਗਏ |