ਸੁਨਾਮ ਊਧਮ ਸਿੰਘ ਵਾਲਾ, 21 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਐੱਸ. ਯੂ. ਐੱਸ. ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਚੌਂਕ ਵਿਖੇ 'ਗੁਰੂ ਗੋਬਿੰਦ ਸਿੰਘ ਸਟੱਡੀ ਸੈਂਟਰ' ਵਲੋਂ ਪਿ੍ੰਸੀਪਲ ਸੰਦੀਪ ਸਿੰਘ ਦੀ ਅਗਵਾਈ ਵਿਚ ਵਿਦਿਆਰਥੀਆਂ ਦੀ ਚੰਗੀ ਸ਼ਖ਼ਸੀਅਤ ਦੀ ਉਸਾਰੀ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸਤਨਾਮ ਸਿੰਘ ਸਹਲੋਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸੈਮੀਨਾਰ ਦੌਰਾਨ ਸਤਨਾਮ ਸਿੰਘ ਸਹਲੋਪੁਰੀ ਨੇ ਗੁਰੂ ਸਾਹਿਬਾਨ ਦੇ ਜੀਵਨ ਦੀਆਂ ਉਦਾਹਰਨ ਦੇ ਕੇ ਵਿਦਿਆਰਥੀਆਂ ਨੂੰ ਜੀਵਨ ਵਿਚ ਵਿੱਦਿਅਕ ਗਿਆਨ, ਚੰਗੀ ਸ਼ਖ਼ਸੀਅਤ, ਮਿਹਨਤ ਕਰਨ ਆਦਿ ਬਾਰੇ ਜਾਗਰੂਕ ਕੀਤਾ ਅਤੇ ਜੀਵਨ ਜਿਉਂਣ ਦੇ ਤਿੰਨ ਵਡਮੁੱਲੇ ਤੱਥ 'ਪ੍ਰਮੁੱਖਤਾ, ਸਹਿਣਸ਼ੀਲਤਾ ਅਤੇ ਅਨੁਸ਼ਾਸਨ ਬਾਰੇ ਜਾਣੂ ਕਰਵਾਉਂਦਿਆਂ ਵਿਦਿਆਰਥੀਆਂ ਨੂੰ ਜੀਵਨ ਵਿਚ ਉੱਚੇ ਅਹੁਦਿਆਂ 'ਤੇ ਪਹੰੁਚਣ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆਂ ਨੇ ਵੀ ਬੜੀ ਉਤਸੁਕਤਾ ਨਾਲ ਸੈਮੀਨਾਰ ਵਿਚ ਹਿੱਸਾ ਲਿਆ | ਚਾਹਵਾਨ ਵਿਦਿਆਰਥੀਆਂ ਨੂੰ 'ਵਿੱਦਿਅਕ ਪ੍ਰਫੁੱਲਤਾ' ਅਤੇ 'ਗੁਰੂ ਤੇਗ਼ ਬਹਾਦਰ ਜੀ' ਦੇ ਜੀਵਨ ਨਾਲ ਸਬੰਧਿਤ ਪੁਸਤਕਾਂ ਵੀ ਦਿੱਤੀਆਂ ਗਈਆਂ | ਇਸ ਸਮੇਂ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਰਮਨਦੀਪ ਕੌਰ ਤੇ ਇੰਦਰਜੀਤ ਕੌਰ ਵਲੋਂ ਨਿਭਾਈ ਗਈ |