ਸੰਗਰੂਰ/ਮਸਤੂਆਣਾ ਸਾਹਿਬ, 21 ਜੁਲਾਈ (ਧੀਰਜ ਪਸ਼ੋਰੀਆ, ਸਤਿਨਾਮ ਸਿੰਘ ਦਮਦਮੀ)-ਨੇੜਲੇ ਪਿੰਡ ਭੰਮਾਬੱਦੀ ਦੇ ਚਾਲੀ ਦੇ ਕਰੀਬ ਨਰੇਗਾ ਮਜ਼ਦੂਰਾਂ ਨੇ ਐੱਸ. ਸੀ. ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ ਨੂੰ ਇੱਕ ਪੱਤਰ ਸੌਂਪਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਜੌਬ ਕਾਰਡ ਬਣੇ ਹੋਏ ਹਨ, ਪਰ ਪਿੰਡ ਦੀ ਪੰਚਾਇਤ ਵਲੋਂ ਨਰੇਗਾ ਦੇ ਕੰਮ ਦੇਣ ਵਿਚ ਉਨ੍ਹਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ | ਐਸ.ਸੀ ਕਮਿਸ਼ਨ ਦੇ ਮੈਂਬਰ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਤੁਰੰਤ ਬੀ.ਡੀ.ਓ ਸੰਗਰੂਰ ਅਤੇ ਨਰੇਗਾ ਅਧਿਕਾਰੀਆਂ ਨੂੰ ਬੁਲਾਇਆ ਜਿਨ੍ਹਾਂ ਨੇ ਤੁਰੰਤ ਸਾਰੇ ਮਾਮਲੇ ਦੀ ਪੜਤਾਲ ਕੀਤੀ | ਇਸ ਮੁੱਦੇ ਸਬੰਧੀ ਜਦ ਨਰੇਗਾ ਮਾਹਿਰ ਆਈ.ਡੀ.ਪੀ ਪ੍ਰਧਾਨ ਕਰਨੈਲ ਸਿੰਘ ਜਖੇਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਹਰ ਇੱਕ ਨਰੇਗਾ ਜੌਬ ਕਾਰਡ ਧਾਰਕ ਨੂੰ ਇੱਕ ਸਾਲ ਵਿਚ 100 ਦਿਨ ਰੁਜ਼ਗਾਰ ਦੇਣਾ ਜ਼ਰੂਰੀ ਹੈ | ਰੁਜ਼ਗਾਰ ਦੇਣ ਵਿਚ ਕਿਸੇ ਅਧਿਕਾਰੀ ਵਲੋਂ ਜਾਂ ਪੰਚਾਇਤ ਵਲੋਂ ਕੋਈ ਵਿਤਕਰਾ ਨਹੀ ਕੀਤਾ ਜਾ ਸਕਦਾ | ਕਮਿਸ਼ਨ ਮੈਂਬਰ ਗੁਲਜ਼ਾਰ ਸਿੰਘ ਬੌਬੀ ਨੇ ਕਿਹਾ ਕਿ ਕਿਸੇ ਵੀ ਨਰੇਗਾ ਮਜ਼ਦੂਰ ਨਾਲ ਵਿਤਕਰੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ | ਜਦ ਪਿੰਡ ਭੰਮਾਬੱਦੀ ਦੇ ਸਰਪੰਚ ਹਰਪਾਲ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਸਹੁਰਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਲਗਾਏ ਗਏ ਦੋਸ਼ ਬੇਬੁਨਿਆਦ ਹਨ ਕਿਸੇ ਨਾਲ ਵੀ ਕੋਈ ਵਿਤਕਰਾ ਨਹੀ ਕੀਤਾ ਗਿਆ ਬਲਕਿ ਨਰੇਗਾ ਰੁਜ਼ਗਾਰ ਲਈ ਪਿੰਡ ਵਿਚ ਸਪੀਕਰ ਰਾਹੀ ਮੁਨਿਆਦੀ ਵੀ ਕੀਤੀ ਜਾਂਦੀ ਹੈ | ਉੱਧਰ ਬੀ. ਡੀ. ਓ. ਗੁਰਦਰਸ਼ਨ ਸਿੰਘ ਦਾ ਕਹਿਣ ਕਿ ਮਸਲੇ ਦਾ ਹੱਲ ਕਰ ਦਿੱਤਾ, ਕਿਸੇ ਵੀ ਨਰੇਗਾ ਮਜ਼ਦੂਰ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਐੱਸ. ਪੀ. ਕਮਿਸ਼ਨ ਦੇ ਮੈਂਬਰ ਨੂੰ ਪੱਤਰ ਦੇਣ ਵਾਲਿਆਂ ਵਿਚ ਵੱਡੀ ਗਿਣਤੀ ਨਰੇਗਾ ਪੁਰਸ਼ ਅਤੇ ਅÏਰਤਾਂ ਸ਼ਾਮਿਲ ਸਨ |