ਮਹਿਲ ਕਲਾਂ, 20 ਜੁਲਾਈ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਮਹਿਲ ਕਲਾਂ ਦੀ ਅਹਿਮ ਮੀਟਿੰਗ ਇਤਿਹਾਸਕ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਮਹਿਲ ਕਲਾਂ ਵਿਖੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਜਥੇਦਾਰ ਉਦੇ ਸਿੰਘ ਹਮੀਦੀ, ਸਕੱਤਰ ਜਨਰਲ ਅਮਰਜੀਤ ਸਿੰਘ ਸਹਿਜੜਾ, ਖ਼ਜ਼ਾਨਚੀ ਜਸਵਿੰਦਰ ਸਿੰਘ ਛੀਨੀਵਾਲ, ਸੁਖਦੀਪ ਸਿੰਘ ਗਿੱਲ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਲਈ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਨੀਤੀ ਨੂੰ ਕਿਸੇ ਵੀ ਹਾਲਤ 'ਚ ਲਾਗੂ ਨਹੀਂ ਹੋਣ ਦਿਆਂਗੇ | ਚਾਹੇ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ | ਉਨ੍ਹਾਂ ਕਿਸਾਨਾਂ ਵਲੋਂ ਸੰਯੁਕਤ 30 ਜੁਲਾਈ ਨੂੰ ਕੀਤੇ ਜਾ ਰਹੇ ਟਰੈਕਟਰ ਮਾਰਚ ਵਿਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ | ਆਗੂਆਂ ਨੇ ਪਾਵਰਕਾਮ ਵਲੋਂ ਪਿੰਡਾਂ ਅੰਦਰ ਸਮਾਰਟ ਮੀਟਰ ਲਗਾਉਣ ਦੀ ਨਿੰਦਾ ਕਰਦਿਆਂ ਸਪਸ਼ਟ ਕੀਤਾ ਕਿ ਕਿਸੇ ਵੀ ਹਾਲਤ ਵਿਚ ਸਮਾਰਟ ਮੀਟਰ ਨਹੀਂ ਲਗਾਉਣ ਦਿਆਂਗੇ | ਬਲਾਕ ਆਗੂ ਸੁਰਿੰਦਰ ਸਿੰਘ ਵਜੀਦਕੇ ਖ਼ੁਰਦ, ਕੁਲਦੀਪ ਸਿੰਘ ਹਮੀਦੀ, ਮਲਕੀਤ ਸਿੰਘ, ਲਖਵੀਰ ਸਿੰਘ ਕਲਾਲਾ, ਅਮਰਜੀਤ ਸਿੰਘ ਬੱਸੀਆਂ ਨੇ ਕਿਹਾ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸ਼ੀਰਾ ਛੀਨੀਵਾਲ ਦੀ ਅਗਵਾਈ ਹੇਠ ਜਥੇਬੰਦੀ ਨੂੰ ਹੇਠਲੇ ਪੱਧਰ ਤੱਕ ਹੋਰ ਮਜ਼ਬੂਤ ਬਣਾਉਣ ਲਈ ਪਿੰਡ-ਪਿੰਡ ਨਵੀਆਂ ਯੂਨਿਟਾਂ ਦਾ ਗਠਨ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ 'ਚ ਇਮਾਨਦਾਰ, ਮਿਹਨਤੀ ਵਰਕਰਾਂ ਨੂੰ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ | ਇਸ ਮੌਕੇ ਦਲਜੀਤ ਸਿੰਘ ਛੀਨੀਵਾਲ ਖ਼ੁਰਦ, ਨਾਜ਼ਰ ਸਿੰਘ, ਬਲਵਿੰਦਰ ਸਿੰਘ ਛਾਪਾ, ਗੁਰਜੰਟ ਸਿੰਘ, ਸਰਬਜੀਤ ਸਿੰਘ ਸਹੌਰ, ਸਤਨਾਮ ਸਿੰਘ, ਦਲਬਾਰਾ ਸਿੰਘ ਸਹੌਰ, ਪਾਲ ਸਿੰਘ ਛੀਨੀਵਾਲ ਆਦਿ ਹਾਜ਼ਰ ਸਨ |