ਧੂਰੀ, 20 ਜੁਲਾਈ (ਸੰਜੇ ਲਹਿਰੀ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਰਣਦੀਪ ਸਿੰਘ ਦਿਓਲ ਨੇ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਧੂਰੀ ਵਿਖੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ | ਉਨ੍ਹਾਂ ਵਲੋਂ ਧੂਰੀ ਵਿਖੇ ਹਜ਼ਾਰਾਂ ਦੀ ਤਾਦਾਦ ਵਿਚ ਲਗਾਏ ਵੱਡੇ ਪੋਸਟਰਾਂ 'ਚ ਸੀਨੀਅਰ ਭਾਜਪਾ ਆਗੂਆਂ ਨਾਲ ਆਪਣੀ ਤਸਵੀਰ ਵੀ ਲਗਾਈ ਗਈ ਹੈ | ਧੂਰੀ ਵਿਖੇ ਭਾਜਪਾ ਆਗੂ ਜਗਦੇਵ ਜਿੰਦਲ ਦੀ ਫ਼ੈਕਟਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਦਾ ਸਫ਼ਾਇਆ ਹੋਣਾ ਤੈਅ ਹੈ ਤੇ ਸੂਬੇ ਵਿਚ ਡਬਲ ਇੰਜਣ ਵਾਲੀ ਭਾਜਪਾ ਦੀ ਸਰਕਾਰ ਬਣੇਗੀ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਦਿੱਲੀ ਦੇ ਆਗੂਆਂ ਦੀ ਵਧ ਰਹੀ ਨਾਜਾਇਜ਼ ਦਖ਼ਲ ਅੰਦਾਜ਼ੀ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਭਾਰੀ ਰੋਸ ਪੈਦਾ ਕੀਤਾ ਹੈ |