ਧਰਮਗੜ੍ਹ, 20 ਜੁਲਾਈ (ਗੁਰਜੀਤ ਸਿੰਘ ਚਹਿਲ)-ਸੰਤ ਅਤਰ ਸਿੰਘ ਸੈਕੰਡਰੀ ਸਕੂਲ ਹਰਿਆਊ ਵਿਖੇ ਨਸ਼ਿਆਂ ਤੇ ਮੋਬਾਈਲ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵ ਬਾਰੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਸੈਮੀਨਾਰ ਦੌਰਾਨ ਮਨੋਰੋਗ ਮਾਹਿਰ ਡਾ. ਜਤਵਿੰਦਰ ਕੌਰ ਗਾਗਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਕਨਾਲੋਜੀ ਦੇ ਇਸ ਯੁੱਗ 'ਚ ਬੱਚੇ ਕਿਤਾਬਾਂ ਪੜ੍ਹਨਾ ਭੁੱਲ ਗਏ ਹਨ ਅਤੇ ਸਾਰਾ ਦਿਨ ਸਕਰੀਨ ਦੇ ਸਾਹਮਣੇ ਬੈਠਣ ਨਾਲ ਬੱਚਿਆਂ ਦੀ ਸਰੀਰਕ ਗਤੀਵਿਧੀ ਘੱਟ ਗਈ ਹੈ | ਬੱਚਿਆਂ ਨੂੰ ਭੁੱਲਣ ਦੀ ਬਿਮਾਰੀ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੀ ਪੜ੍ਹਾਈ 'ਤੇ ਵੀ ਅਸਰ ਪੈ ਰਿਹਾ ਹੈ | ਮੋਬਾਈਲ ਫ਼ੋਨ ਦੀ ਸਹੀ ਵਰਤੋਂ ਨਾ ਹੋਣ ਕਾਰਨ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਨਸ਼ੇ ਦੀ ਸ਼ੁਰੂਆਤ ਭਾਵੇਂ ਨਕਲ, ਸ਼ੌਂਕ ਜਾਂ ਫੁਕਰਾਪਣ 'ਚ ਕੀਤੀ ਜਾਂਦੀ ਹੈ, ਪਰ ਬਾਅਦ ਵਿਚ ਇਹ ਆਦਤ ਬਣ ਜਾਂਦੀ ਹੈ, ਜਦੋਂ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਤਾਂ ਨੌਜਵਾਨ ਅਤੇ ਕਿਸ਼ੋਰ ਬੇਖ਼ੌਫ ਚੋਰੀ, ਡਾਕਾ ਅਤੇ ਲੁੱਟਾਂ-ਖੋਹਾਂ ਦਾ ਰਸਤਾ ਅਖ਼ਤਿਆਰ ਕਰ ਲੈਂਦੇ ਹਨ | ਇਸ ਮੌਕੇ ਸਕੂਲ ਪ੍ਰਬੰਧਕ ਵਾਸਦੇਵ ਸ਼ਰਮਾ, ਸਕੂਲ ਚੇਅਰਪਰਸਨ ਜਸਪਾਲ ਕੌਰ ਤੇ ਪਿ੍ੰਸੀਪਲ ਗੁਰਮੀਤ ਕੌਰ ਨੇ ਡਾ. ਜਤਵਿੰਦਰ ਕੌਰ ਗਾਗਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ |