ਲੌਂਗੋਵਾਲ, 20 ਜੂਨ (ਸ. ਸ.ਖੰਨਾ, ਵਿਨੋਦ)-ਸਥਾਨਕ ਸਲਾਈਟ ਰੋਡ 'ਤੇ ਬਣੇ ਫੋਟੋ ਸਟੂਡੀਓ ਤੇ ਘਰ ਵਿਚ ਲੱਗੀ ਅੱਗ ਦੇ ਕਾਰਨ ਸ਼ਹਿਰ 'ਚ ਹਾਹਾਕਾਰ ਮੱਚ ਗਈ ਜਦੋਂ ਲੱਖਾਂ ਰੁਪਏ ਨਾਲ ਬਣੇ ਫੋਟੋ ਸਟੂਡੀਓ ਤੇ ਘਰ ਨੂੰ ਲੱਗੀ ਅੱਗ ਵੇਖ ਕੇ ਲੋਕਾਂ ਦਾ ਵੱਡਾ ਹਜੂਮ ਇਕੱਠਾ ਹੋ ਗਿਆ | ਅੱਗ ਇੰਨੀ ਕੁ ਭਿਆਨਕ ਸੀ ਤਕਰੀਬਨ ਦੋ ਘੰਟੇ ਅੱਗ ਲੱਗੀ ਰਹੀ | ਨਜ਼ਦੀਕ ਘਰਾਂ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ | ਭਾਵੇਂ ਕਿ ਤਕਰੀਬਨ ਇਕ ਘੰਟੇ ਬਾਅਦ ਪਹੁੰਚੀ ਫਾਇਰ ਬਿ੍ਗੇਡ ਆਉਣ ਤੱਕ ਲੋਕਾਂ ਵਲੋਂ ਜਦੋਂ ਜਹਿਦ ਜਾਰੀ ਰਹੀ ਪਰ ਫਾਇਰ ਆਉਣ ਤੋਂ ਬਾਅਦ ਹੀ ਅੱਗ 'ਤੇ ਕਾਬੂ ਪਾਇਆ ਗਿਆ | ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਿਕ ਇਹ ਨੁਕਸਾਨ ਤਕਰੀਬਨ 50 ਲੱਖ ਕਰੀਬ ਹੋ ਗਿਆ ਹੈ | ਬਲਵੀਰ ਸਿੰਘ ਦਾ ਕਹਿਣਾ ਹੈ, ਜਿਸ 'ਚ ਤਿੰਨ ਪਿ੍ੰਟਿੰਗ ਮਸ਼ੀਨਾਂ, ਤਿੰਨ ਕੈਮਰੇ, ਦੋ ਕੰਪਿਊਟਰ, ਤਿੰਨ ਲੈਪਟਾਪ, ਦੋ ਫਰੇਮਿੰਗ ਮਸ਼ੀਨਾਂ, ਦੋ ਏਅਰ ਕੰਡੀਸ਼ਨ ਤੇ ਸਾਰਾ ਫ਼ਰਨੀਚਰ ਸੜ ਕੇ ਸੁਆਹ ਹੋ ਗਿਆ | ਲੋਕਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਸਰਕਾਰ ਵਲੋਂ ਮਾਲੀ ਸਹਾਇਤਾ ਕੀਤੀ ਜਾਵੇ |