ਮਲੇਰਕੋਟਲਾ, 17 ਜੁਲਾਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਮਲੇਰਕੋਟਲਾ-ਲੁਧਿਆਣਾ ਮੁੱਖ ਸੜਕ 'ਤੇ ਸਥਿਤ ਪਿੰਡ ਭੋਗੀਵਾਲ ਵਿਖੇ ਜ਼ਿਲ੍ਹਾ ਮਲੇਰਕੋਟਲਾ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਰਾਂ ਵੱਲੋਂ ਕਾਂਗਰਸੀ ਨੇਤਾਵਾਂ ਦੇ ਪੁਤਲੇ ਫ਼ੂਕ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਪੰਚ ਗੁਰਸ਼ਰਨ ਸਿੰਘ ਸਰਨਾ ਚੱਠਾ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਕਾਂਗਰਸ ਦੇ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਨੇ ਸਪਸ਼ਟ ਤੌਰ 'ਤੇ ਇਹ ਗੱਲ ਮੰਨੀ ਕਿ ਕਾਂਗਰਸ ਸਰਕਾਰ ਸਮੇਂ ਕਾਂਗਰਸ ਦਾ ਇਕ ਧੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਜਾਂਚ ਕਰਵਾਉਣ ਤੋਂ ਆਨਾਕਾਨੀ ਕਰਦਾ ਰਿਹਾ ਸੀ | ਸਰਨਾ ਚੱਠਾ ਨੇ ਕਿਹਾ ਕਿ ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਸੱਦੇ ਤਹਿਤ ਅੱਜ ਕਾਂਗਰਸੀ ਨੇਤਾਵਾਂ ਦੇ ਪੁਤਲੇ ਫੂਕੇ ਗਏ ਹਨ | ਨੌਜਵਾਨ ਆਗੂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਆਇਆ ਹੈ ਤੇ ਕਰਦਾ ਰਹੇਗਾ | ਇਸ ਮੌਕੇ ਜਸਪ੍ਰੀਤ ਸਿੰਘ ਬੈਨੀਪਾਲ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਮਨਵਿੰਦਰ ਸਿੰਘ, ਸਹਿਜ ਸਿੰਘ, ਜੱਸੀ ਸਿੰਘ ਮਤੋਈ, ਸੁਰਜੀਤ ਸਿੰਘ ਮਤੋਈ, ਜੋਤ ਸਿੰਘ, ਗੁਰਦਿੱਤ ਸਿੰਘ ਫਲੌਡ, ਜੱਗਾ ਸਿੰਘ, ਅਮਿ੍ਤ ਪਾਲ ਸਿੰਘ ਹਥੋਆ, ਰਾਜਿੰਦਰ ਸਿੰਘ ਹਥੋਆ ਸਤਿੰਦਰ ਸਿੰਘ, ਗੁਰਵਿੰਦਰ ਸਿੰਘ ਹਾਜ਼ਰ ਸਨ |