ਸੰਗਰੂਰ, 15 ਜੁਲਾਈ (ਦਮਨਜੀਤ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਸ਼ਹਿਰ ਸੰਗਰੂਰ ਕਿਸੇ ਵੱਡੇ ਪ੍ਰੋਜੈਕਟ ਜਾ ਵਿਕਾਸ ਕਾਰਜ ਦੇ ਸੁਪਨੇ ਦੇਖਦਾ-ਦੇਖਦਾ ਮਾਨ ਸਰਕਾਰ ਦੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਬੁਨਿਆਦੀ ਸਹੂਲਤਾਂ ਜਿਵੇਂ ਕਿ ਸੜਕਾਂ, ਗਲੀਆਂ-ਨਾਲੀਆਂ ਅਤੇ ਸੀਵਰੇਜ ਆਦਿ ਦੀ ਮੁਰੰਮਤ ਨੂੰ ਵੀ ਤਰਸ ਗਿਆ ਹੈ | ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੀਆਂ ਸੜਕਾਂ ਵਿਚ ਪਏ ਵੱਡੇ-ਵੱਡੇ ਟੋਏ ਬਰਸਾਤਾਂ ਦੇ ਦਿਨਾਂ ਵਿਚ ਤਾਂ ਰਾਹਗੀਰਾਂ ਲਈ ਮੁਸੀਬਤ ਬਣ ਜਾਂਦੇ ਹਨ ਅਤੇ ਇਨ੍ਹਾਂ ਖੱਡਿਆਂ ਵਿਚ ਗਿਰ ਕੇ ਲੋਕ ਗੰਭੀਰ ਜ਼ਖਮੀ ਹੋਣ ਦੇ ਨਾਲ-ਨਾਲ ਆਪਣੇ ਵਾਹਨਾਂ ਦਾ ਵੀ ਨੁਕਸਾਨ ਕਰਵਾ ਰਹੇ ਹਨ | ਸ਼ਹਿਰ ਦੇ ਸਭ ਤੋਂ ਵੱਧ ਆਵਾਜਾਈ ਵਾਲੇ ਇਲਾਕੇ ਬੱਸ ਸਟੈਂਡ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਜਾਂਦੀ ਸੜਕ ਦਾ ਹਾਲ ਤਾਂ ਇਹ ਹੈ ਕਿ ਦੇਖਣ ਵਾਲੇ ਨੂੰ ਇਹ ਨਹੀ ਸਮਝ ਆਉਂਦੀ ਕਿ ਸੜਕ ਵਿਚ ਟੋਏ ਹਨ ਜਾਂ ਟੋਇਆ ਵਿਚ ਸੜਕ ਹੈ | ਜ਼ਿਲੇ੍ਹ ਭਰ ਪਹੁੰਚਦੇ ਹਜ਼ਾਰਾ ਲੋਕਾਂ ਦਾ ਸ਼ਹਿਰ ਸੰਗਰੂਰ ਵਿਚ ਸਵਾਗਤ ਵੀ ਇਸ ਸੜਕ ਦੇ ਸ਼ੁਰੂਆਤ ਵਿਚ ਪਏ ਇਹ ਟੋਏ ਹੀ ਕਰਦੇ ਹਨ | ਜ਼ਿਲੇ੍ਹ ਭਰ ਤੋਂ ਆਉਣ ਵਾਲੇ ਲੋਕਾਂ ਤੋਂ ਇਲਾਵਾ ਇਸ ਸੜਕ 'ਤੇ ਸ਼ਹਿਰ ਦੀ ਘੁੱਗ ਵਸੋਂ ਵਾਲਾ ਰਿਹਾਇਸ਼ੀ ਇਲਾਕਾ ਪ੍ਰੇਮ ਬਸਤੀ ਵੀ ਸਥਿਤ ਹੈ, ਜਿੱਥੇ ਦੇ ਹਜ਼ਾਰਾ ਵਸਨੀਕਾਂ ਵੀ ਇਨਾ ਖੱਡਿਆਂ ਦੀ ਮਾਰ ਝੱਲ ਰਹੇ ਹਨ | ਇਸ ਤੋਂ ਇਲਾਵਾ ਸ਼ਹਿਰ ਦੇ ਪਟਿਆਲਾ ਗੇਟ ਬਾਜਾਰ ਤੋਂ ਪ੍ਰਾਚੀਨ ਮੰਦਿਰ ਸ਼੍ਰੀ ਕਾਲੀ ਦੇਵੀ ਜੀ ਨੂੰ ਜਾਂਦੀ ਸੜਕ ਦੇ ਹਾਲਾਤ ਵੀ ਬਦ ਤੋਂ ਬਦਤਰ ਬਣੇ ਹੋਏ ਹਨ | ਇਸ ਸੜਕ 'ਤੇ ਵੀ ਰੋਜ਼ਾਨਾ ਹੀ ਲੋਕਾਂ ਦੇ ਵਾਹਨ ਇਨ੍ਹਾਂ ਖੱਡਿਆਂ ਕਾਰਣ ਹਾਦਸਾ ਗ੍ਰਸਤ ਹੁੰਦੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਅੱਖਾਂ ਮੀਚ ਕੇ ਸਤ ਕੁੱਝ ਦੇਖ ਰਿਹਾ ਹੈ | ਇਸ ਤੋਂ ਇਲਾਵਾ ਸ਼ਹਿਰ ਦੇ ਬਾਜਾਰ ਜਿਵੇਂ ਸੁਨਾਮੀ ਗੇਟ ਆਦਿ ਵਿਚ ਵੀ ਕਈ ਥਾਈ ਵੱਡੇ-ਵੱਡੇ ਟੋਏ ਪਏ ਹਨ | ਸ਼ਹਿਰ ਦੀ ਮੰਦੀ ਹਾਲਾਤ ਸੜਕਾਂ ਤੋਂ ਇਲਾਵਾ ਬਹੁਤੇ ਰਿਹਾਇਸ਼ੀ ਇਲਾਕਿਆਂ ਵਿਚ ਸੀਵਰੇਜ ਦੀ ਵੱਡੀ ਸਮੱਸਿਆ ਹੈ ਅਤੇ ਨਾਲੀਆਂ ਦਾ ਗੰਦਾ ਪਾਣੀ ਸੜਕਾਂ ਉੱਤੇ ਘੁੰਮਦਿਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ |