ਸੰਗਰੂਰ, 15 ਜੁਲਾਈ (ਦਮਨਜੀਤ ਸਿੰਘ)-ਨੇੜਲੇ ਪਿੰਡ ਉਭਾਵਾਲ ਦੇ ਇਕ ਘਰ ਵਿਚੋਂ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਗਿ੍ਫ਼ਤਾਰ ਕਿਤੇ ਵਿਅਕਤੀ ਪਾਸੋਂ ਤੋਂ 5 ਤੋਲੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਦੱਸੇ ਗਏ ਹਨ | ਪੁਲਿਸ ਚੌਂਕੀ ਬਡਰੁੱਖਾ ਦੇ ਇੰਚਾਰਜ ਅਮਰੀਕ ਸਿੰਘ ਗਿੱਲ ਨੇ ਦੱਸਿਆ ਕਿ ਉਭਾਵਾਲ ਨਿਵਾਸੀ ਅਮਨਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ 21 ਜੂਨ ਨੂੰ ਉਨ੍ਹਾਂ ਦਾ ਪਰਿਵਾਰ ਰਾਤ ਦਾ ਖਾਣਾ ਖਾਣ ਤੋਂ ਬਾਅਦ ਕਮਰੇ ਵਿਚ ਸੌਣ ਲਈ ਚਲਾ ਗਿਆ ਸੀ ਜਦੋਂ ਉਹ ਸਵੇਰੇ ਉਠੇ ਤਾਂ ਦੂਜੇ ਕਮਰੇ ਵਿਚ ਅਲਮਾਰੀ ਵਿਚ ਰੱਖਿਆ ਸਮਾਨ ਖਿੰਡਿਆ ਹੋਇਆ ਸੀ ਅਤੇ ਜਦ ਉਨ੍ਹਾਂ ਨੇ ਘਰ ਦੀ ਅਲਮਾਰੀ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਸੋਨੇ ਦਾ ਹਾਰ, ਕਾਂਟੇ ਤੇ ਕੰਨਾਂ ਦੀਆਂ ਵਾਲੀਆਂ ਸਮੇਤ ਅਲਮਾਰੀ ਵਿਚ ਰੱਖੇ 5 ਹਜ਼ਾਰ ਰੁਪਏ ਨਕਦੀ ਵੀ ਗ਼ਾਇਬ ਸਨ | ਘਟਨਾ ਤੋਂ ਬਾਅਦ ਉਹ ਆਪਣੇ ਪੱਧਰ 'ਤੇ ਮਾਮਲੇ ਦੀ ਜਾਂਚ ਕਰਦੇ ਰਹੇ ਅਤੇ ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸੰਗਰੂਰ ਦੇ ਰਾਮਨਗਰ ਬਸਤੀ ਦੇ ਰਹਿਣ ਵਾਲੇ ਰਾਜ ਭਰਤ ਨੇ ਉਸ ਦੇ ਘਰ ਵਿਚ ਚੋਰੀ ਕੀਤੀ ਸੀ | ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ, ਪੁਲਿਸ ਨੇ ਰਾਜ ਭਰਤ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਉਸਦੇ ਕਬਜ਼ੇ ਵਿਚੋਂ 5 ਤੋਲੇ ਸੋਨੇ ਦੇ ਗਹਿਣੇ ਬਰਾਮਦ ਕੀਤੇ | ਗਿ੍ਫ਼ਤਾਰ ਕੀਤੇ ਵਿਅਕਤੀ ਵਿਰੁੱਧ ਚੋਰੀ ਦੇ 5 ਮਾਮਲੇ ਪਹਿਲਾਂ ਵੀ ਦਰਜ ਹਨ | ਚੌਂਕੀ ਇੰਚਾਰਜ ਨੇ ਦੱਸਿਆ ਕਿ ਰਾਜ ਭਗਤ ਹਾਲੇ ਕੁੱਝ ਦਿਨ ਪਹਿਲਾਂ ਹੀ 26 ਮਹੀਨੇ ਜੇਲ੍ਹ ਵਿਚ ਕੱਟਣ ਤੋਂ ਬਾਅਦ ਜ਼ਮਾਨਤ 'ਤੇ ਬਾਹਰ ਆਇਆ ਸੀ |