ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਇਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜੋ ਆਪਣੇ ਖੇਤਰ ਵਿਚ ਵਿਸ਼ੇਸ਼ ਨਾਂਅ ਕਮਾ ਰਹੀ ਹੈ | ਇਹ ਸੰਸਥਾ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ | ਇਸ ਸੰਸਥਾ ਦੇ ਵਿਦਿਆਰਥੀਆਂ ਨੇ ਵਿਧਾਨ ਸਭਾ ਦਾ ਦੌਰਾ ਕੀਤਾ ਸੀ ਤੇ ਉਸ ਸਮੇਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਦਿਆਰਥੀਆਂ ਦੇ ਨਾਲ ਇਸ ਸੰਸਥਾ ਵਿਚ ਸਪੈਸ਼ਲ ਤੌਰ 'ਤੇ ਆਉਣ ਦਾ ਵਾਅਦਾ ਕੀਤਾ ਸੀ | ਹੁਣ ਇਸੇ ਵਾਅਦੇ ਉੱਤੇ ਫੁੱਲ ਚੜ੍ਹਾਉਂਦੇ ਹੋਏ ਉਹ ਇਸ ਸੰਸਥਾ 'ਚ ਆਏ | ਸਕੂਲ ਦੇ ਵਿਦਿਆਰਥੀਆਂ ਵਲੋਂ ਉਨ੍ਹਾਂ ਦੇ ਸਵਾਗਤ ਵਿਚ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ | ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਸਲੀ ਫੁੱਲ ਤਾਂ ਤੁਸੀਂ ਬੱਚੇ ਹੋ, ਜਿਸ ਨਾਲ ਇਹ ਬਾਗ਼ ਰੂਪੀ ਸੰਸਥਾ ਖਿੜ ਰਹੀ ਹੈ ਭਾਵ ਦਿਨੋਂ ਦਿਨ ਅੱਗੇ ਪੁਲਾਂਘਾਂ ਪੁੱਟ ਰਹੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਿਰਫ਼ ਸਕੂਲੀ ਪੜ੍ਹਾਈ ਹੀ ਜ਼ਰੂਰੀ ਨਹੀਂ, ਇਸ ਦੇ ਨਾਲ ਨੈਤਿਕ ਕਦਰਾਂ-ਕੀਮਤਾਂ ਦਾ ਹੋਣਾ ਵਧੇਰੇ ਜ਼ਰੂਰੀ ਹੈ ਜੋ ਕਿ ਸਾਨੂੰ ਇਕ ਚੰਗਾ ਨਾਗਰਿਕ ਬਣਨ 'ਚ ਸਹਾਈ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਆਕਸਫੋਰਡ ਦੇ ਵਿਦਿਆਰਥੀਆਂ ਨੂੰ ਮਿਲਣ ਤੋਂ ਬਾਅਦ ਇਹ ਦਿਲੀ ਇੱਛਾ ਸੀ ਕਿ ਇਸ ਸੰਸਥਾ ਵਿਚ ਜਾਇਆ ਜਾਵੇ, ਜੋ ਕਿ ਅੱਜ ਪੂਰੀ ਹੋ ਗਈ ਹੈ | ਉਨ੍ਹਾਂ ਨੇ ਸਕੂਲ ਦੀਆਂ ਪੜ੍ਹਾਈ ਤੇ ਖੇਡਾਂ 'ਚ ਪ੍ਰਾਪਤੀਆਂ, ਸਕੂਲ 'ਚ ਮੁਹੱਈਆ ਕਰਵਾਈਆਂ ਗਈਆਂ ਸਹੂਲਤਾਂ ਜਿਵੇਂ ਕਿ ਆਧੁਨਿਕ ਤਰੀਕੇ ਨਾਲ ਲੈਸ ਲੈਬਜ਼, ਇਨਫਰਾਸਟਰਕਚਰ, ਲਾਇਬ੍ਰੇਰੀ, ਹੋਟ ਤੇ ਕੋਲਡ ਏ.ਸੀ. ਸੁਵਿਧਾ ਆਦਿ ਦੀ ਤਾਰੀਫ਼ ਵੀ ਕੀਤੀ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਸਪੀਕਰ ਸਾਹਿਬ ਦਾ ਆਪਣਾ ਕੀਮਤੀ ਸਮਾਂ ਕੱਢਣ ਲਈ ਧੰਨਵਾਦ ਕੀਤਾ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਗੁਰਮੀਤ ਸਿੰਘ ਸਰਪੰਚ ਵਿੱਤ ਸਕੱਤਰ ਨੇ ਸਪੀਕਰ ਸਾਹਿਬ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |