ਠੱਠੀ ਭਾਈ, 3 ਦਸੰਬਰ (ਜਗਰੂਪ ਸਿੰਘ ਮਠਾੜੂ)-ਜੋਨ ਮਾੜੀ ਮੁਸਤਫ਼ਾ ਤੋਂ ਬਲਾਕ ਸੰਮਤੀ ਉਮੀਦਵਾਰ ਦੀ ਚੋਣ ਸਬੰਧੀ ਮਹੱਤਵਪੂਰਨ ਮੀਟਿੰਗ ਪਿੰਡ ਮਾੜੀ ਮੁਸਤਫ਼ਾ ਅਤੇ ਗੁਰੂਸਰ ਮਾੜੀ ਦੇ ਵਾਸੀਆਂ ਦੀ ਹਾਜ਼ਰੀ ਵਿਚ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤੀ ਗਈ | ਮੀਟਿੰਗ ਵਿਚ ਦੋਹਾਂ ਪਿੰਡਾਂ ਦੇ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਤੇ ਚਰਚਾ ਉਪਰੰਤ ਸਰਬ ਸੰਮਤੀ ਨਾਲ ਸਾਬਕਾ ਸਰਪੰਚ ਦਰਸ਼ਨ ਸਿੰਘ ਨੂੰ ਬਲਾਕ ਸੰਮਤੀ ਜ਼ੋਨ ਮਾੜੀ ਮੁਸਤਫ਼ਾ ਤੋਂ ਉਮੀਦਵਾਰ ਐਲਾਨਿਆ ਗਿਆ | ਜਾਣਕਾਰੀ ਦਿੰਦਿਆਂ ਪਿੰਡ ਮਾੜੀ ਮੁਸਤਫ਼ਾ ਦੇ ਸਾਬਕਾ ਸਰਪੰਚ ਗੁਰਤੇਜ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਦੇ ਵੋਟਰਾਂ 'ਚ ਭਾਰੀ ਉਤਸ਼ਾਹ ਹੈ ਅਤੇ ਦਰਸ਼ਨ ਸਿੰਘ ਵੱਡੀ ਗਿਣਤੀ ਨਾਲ ਜਿੱਤ ਪ੍ਰਾਪਤ ਕਰਨਗੇ | ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਪਾਰਟੀ 'ਤੇ ਭਰੋਸਾ ਪ੍ਰਗਟ ਕਰਦੇ ਹੋਏ ਇਕ ਸੁਰ ਵਿਚ ਇਹ ਫ਼ੈਸਲਾ ਲਿਆ ਹੈ | ਉਨ੍ਹਾਂ ਦੱਸਿਆ ਕਿ ਮਿਸ਼ਨ 2027 ਨੂੰ ਧਿਆਨ ਵਿਚ ਰੱਖਦਿਆਂ ਹਲਕੇ ਭਰ ਵਿਚ ਨਵੀਆਂ ਨਿਯੁਕਤੀਆਂ, ਢਾਂਚਾਗਤ ਸੁਧਾਰ, ਤਾਲੀਮੀ ਮੁਹਿੰਮਾਂ ਅਤੇ ਵਰਕਰ ਮੀਟਿੰਗਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ | ਪਾਰਟੀ ਨੇ ਹਲਕਾ ਪੱਧਰ 'ਤੇ ਗਤੀਵਿਧੀਆਂ ਨੂੰ ਮਜ਼ਬੂਤ ਕਰਦੇ ਹੋਏ ਲੋਕਾਂ ਨਾਲ ਸਿੱਧਾ ਸੰਪਰਕ ਵਧਾਉਣ ਦਾ ਐਲਾਨ ਵੀ ਕੀਤਾ ਹੈ | ਮੀਟਿੰਗ ਦੌਰਾਨ ਕਾਂਗਰਸੀ ਆਗੂਆਂ ਨੇ ਕਿਹਾ ਕਿ ਇਕਜੁੱਟ ਹੋ ਕੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਹਲਕਾ ਬਾਘਾ ਪੁਰਾਣਾ ਵਿਚ ਪਾਰਟੀ ਮਜ਼ਬੂਤ ਥਾਂ ਬਣਾਉਂਦੀ ਜਾ ਰਹੀ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੱਡੇ ਫ਼ੈਸਲੇ ਤੇ ਨਵੀਆਂ ਗਤੀਵਿਧੀਆਂ ਦਾ ਐਲਾਨ ਵੀ ਕੀਤਾ ਜਾਵੇਗਾ | ਮੀਟਿੰਗ ਦਾ ਅੰਤ ਵਿਚ ਅਰਦਾਸ ਕੀਤੀ ਗਈ ਤੇ ਪਿੰਡ ਵਾਸੀਆਂ ਨੇ ਦਰਸ਼ਨ ਸਿੰਘ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ |