ਨੱਥੂਵਾਲਾ ਗਰਬੀ, 3 ਦਸੰਬਰ (ਨਵਦੀਪ ਸਿੰਘ)-ਜੀ.ਐਨ. ਕਾਨਵੈਂਟ ਸਕੂਲ ਭਲੂਰ ਲਈ ਇਹ ਬਹੁਤ ਹੀ ਗੌਰਵਮਈ ਮੌਕਾ ਹੈ ਕਿ ਸਕੂਲ ਦੀ ਪਿ੍ੰਸੀਪਲ ਰਮਨਦੀਪ ਕੌਰ ਰੋਮਾਣਾ ਨੂੰ ਇਸ ਸਾਲ ਦੇ ਪ੍ਰਤਿਸ਼ਠਿਤ ਫੈਪ 2025 ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਸਨਮਾਨ ਉਨ੍ਹਾਂ ਨੂੰ 'ਪ੍ਰਾਈਡ ਆਫ਼ ਸਕੂਲ ਪਿ੍ੰਸੀਪਲ ਐਵਾਰਡ' ਦੇ ਰੂਪ ਵਿਚ ਪੀ.ਬੀ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਫੈਪ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਤੇ ਐਮ.ਪੀ. ਸਤਨਾਮ ਸਿੰਘ ਵਲੋਂ ਪ੍ਰਦਾਨ ਕੀਤਾ ਗਿਆ | ਇਹ ਐਵਾਰਡ ਰਮਨਦੀਪ ਕੌਰ ਰੋਮਾਣਾ ਦੀ ਦੂਰ-ਦਰਸ਼ੀ ਸੋਚ, ਸਿੱਖਿਆ ਪ੍ਰਤੀ ਉਨ੍ਹਾਂ ਦੇ ਸਮਰਪਣ ਤੇ ਸਕੂਲ ਦੇ ਕੁੱਲ ਵਿਕਾਸ ਲਈ ਕੀਤੀਆਂ ਉਪਲਬਧੀਆਂ ਦਾ ਜੀਵੰਤ ਪ੍ਰਤੀਕ ਹੈ | ਉਨ੍ਹਾਂ ਦੀ ਗਤੀਸ਼ੀਲ ਰਹਿਨੁਮਾਈ ਹੇਠ ਸਕੂਲ ਨੇ ਅਕਾਦਮਿਕ ਨਤੀਜਿਆਂ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਸਮਾਰਟ ਕਲਾਸ-ਰੂਮਾਂ, ਆਧੁਨਿਕ ਲੈਬਾਂ ਤੇ ਤਕਨੀਕੀ ਆਧਾਰਿਤ ਵਿਦਿਆਰਥੀ-ਕੇਂਦਰਿਤ ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਤਰੱਕੀ ਕੀਤੀ ਹੈ | ਸਕੂਲ ਦਾ ਵਾਤਾਵਰਨ ਹੋਰ ਅਨੁਸ਼ਾਸਿਤ, ਸਿਰਜਨਾਤਮਕ ਤੇ ਵਿਕਾਸ ਮੁੱਖ ਬਣਾਉਣ ਵਿਚ ਉਨ੍ਹਾਂ ਦਾ ਯੋਗਦਾਨ ਵਿਸ਼ੇਸ਼ ਤੌਰ 'ਤੇ ਕਾਬਲੇ-ਤਾਰੀਫ਼ ਹੈ | ਇਸ ਉਪਲਬਧੀ ਨੂੰ ਸਕੂਲ ਪ੍ਰਬੰਧਕੀ ਤੇ ਸਟਾਫ਼ ਵਲੋਂ ਬਹੁਤ ਹੀ ਮਹੱਤਵਪੂਰਨ ਤੇ ਇਤਿਹਾਸਕ ਮੰਨਿਆ ਜਾ ਰਿਹਾ ਹੈ | ਐਵਾਰਡ ਪ੍ਰਾਪਤ ਕਰਦੇ ਹੋਏ ਪਿ੍ੰਸੀਪਲ ਰਮਨਦੀਪ ਕੌਰ ਰੋਮਾਣਾ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਦਾ ਨਹੀਂ, ਬਲਕਿ ਪੂਰੇ ਸਕੂਲ ਪਰਿਵਾਰ ਦੀ ਸਾਂਝੀ ਮਿਹਨਤ, ਨਿਸ਼ਠਾ ਤੇ ਸਮਰਪਣ ਦਾ ਨਤੀਜਾ ਹੈ |