ਮੋਗਾ, 3 ਦਸੰਬਰ (ਗੁਰਤੇਜ ਸਿੰਘ ਬੱਬੀ)-ਅੱਜ ਵਿਸ਼ਵ ਏਡਜ਼ ਦਿਵਸ ਦੇ ਮੌਕੇ 'ਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਵਲੋਂ ਜ਼ਿਲ੍ਹਾ ਮੋਗਾ ਪਹਿਲੇ ਦਰਜੇ 'ਤੇ ਆਉਣ 'ਤੇ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦਾ ਰਾਜ ਪੱਧਰੀ ਸਮਾਗਮ ਵਿਚ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਮੰਤਰੀ ਡਾ. ਬਲਬੀਰ ਸਿੰਘ ਸਨ | ਇਸ ਰਾਜ ਪੱਧਰੀ ਸਮਾਗਮ ਦੌਰਾਨ ਓ.ਐਸ.ਟੀ. ਸੈਂਟਰ ਮੋਗਾ ਨੇ ਲਗਾਤਾਰ ਛੇਵੀਂ ਵਾਰ ਫਿਰ ਇਤਿਹਾਸ ਰਚਿਆ ਹੈ | ਇਸ ਮੌਕੇ ਰਾਜ ਪੱਧਰੀ ਉੱਚ ਅਧਿਕਾਰੀਆਂ ਨੇ ਕਿਹਾ ਕਿ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਅੰਦਰ ਬਹੁਤ ਵਧੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਨੋਡਲ ਅਫ਼ਸਰ ਡਾ. ਚਰਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਚ.ਆਈ.ਵੀ. ਦੀ ਸ਼ੁਰੂਆਤੀ ਜਾਂਚ, ਸਮੇਂ ਸਿਰ ਇਲਾਜ ਅਤੇ ਸਹੀ ਜਾਣਕਾਰੀ ਨਾਲ ਏਡਜ਼ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ | ਅੰਤ 'ਚ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਮੋਗਾ ਪੂਰੀ ਲਗਨ ਨਾਲ ਏਡਜ਼ ਮਿਟਾਉਣ ਦੇ ਉਦੇਸ਼ ਨਾਲ ਕੰਮ ਕਰ ਰਿਹਾ ਹੈ ਤੇ ਲੋਕਾਂ ਨੂੰ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ | ਇਸ ਮੌਕੇ ਹਾਜ਼ਰ ਮੈਡੀਕਲ ਅਫ਼ਸਰ ਡਾ. ਨਵਨੀਤ ਕੁਮਾਰ ਸਿੰਗਲ, ਡਾਟਾ ਮੈਨੇਜਰ ਰੁਪਿੰਦਰ ਕੌਰ, ਕੌਂਸਲਰ ਬਬੀਤਾ ਅਤੇ ਸਟਾਫ਼ ਨਰਸਾਂ ਸਰਬਜੀਤ ਕੌਰ, ਸਿਮਰਤਪਾਲ ਕੌਰ, ਨੀਰਜ ਰਾਣੀ, ਹਰਜੀਤ ਕੌਰ ਦੀ ਮਹੱਤਵਪੂਰਨ ਭੂਮਿਕਾ ਨਾਲ ਸੈਂਟਰ ਨੇ ਲਗਾਤਾਰ ਛੇਵੀਂ ਵਾਰ ਪੰਜਾਬ ਭਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ |