ਮੋਗਾ, 20 ਨਵੰਬਰ (ਗੁਰਤੇਜ ਸਿੰਘ ਬੱਬੀ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਤੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਬਲਾਕ ਢੁੱਡੀਕੇ ਵਿਖੇ ਅੱਜ ਪਰਿਵਰਤਨ ਟਰੱਸਟ ਮਹਾਰਾਸ਼ਟਰਾ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਮਾਜ ਨੂੰ ਨਸ਼ੇ ਤੋਂ ਮੁਕਤ ਬਣਾਉਣ ਤੇ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਭਵਿੱਖ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ 'ਨਸ਼ੇ ਤੋਂ ਦੂਰੀ-ਜ਼ਿੰਦਗੀ ਹੈ ਜ਼ਰੂਰੀ' ਵਿਸ਼ੇ 'ਤੇ ਤਿੰਨ ਰੋਜ਼ਾ ਜਾਗਰੂਕਤਾ ਵਰਕਸ਼ਾਪ ਆਯੋਜਿਤ ਕੀਤੀ ਗਈ | ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਮੁੱਖ ਮਹਿਮਾਨ ਵਜੋਂ ਪੁੱਜੇ | ਸਿਵਲ ਸਰਜਨ ਮੋਗਾ ਨੇ ਦੱਸਿਆ ਕਿ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਹੀ ਇਹ ਤਿੰਨ ਰੋਜ਼ਾ ਜਾਗਰੂਕਤਾ ਵਰਕਸ਼ਾਪ ਲਗਾਈ ਗਈ ਹੈ ਕਿਉਂਕਿ ਨਸ਼ਿਆਂ ਤੋਂ ਬਚਣ ਲਈ ਜਾਗਰੂਕਤਾ ਬੇਹੱਦ ਜਰੂਰੀ ਹੈ | ਵਰਕਸ਼ਾਪ 'ਚ ਮਾਹਿਰ ਸਟਾਫ, ਡਾਕਟਰ ਹਾਮਿਦ ਡਾ. ਬੋਲਕਰ, ਦਲੀਪ ਗੰਕੋਰ, ਰੁਪਾਲੀ ਭੋਸਲੇ, ਯੋਗਿਨੀ, ਹਰਮੰਦਰ ਸਿੰਘ, ਸੁਸ਼ੀਲ ਸ਼ਰਮਾ ਨੇ ਤਕਨੀਕ ਭਰਪੂਰ ਜਾਣਕਾਰੀ ਸਾਂਝੀ ਕੀਤੀ | ਵਰਕਸ਼ਾਪ ਦੌਰਾਨ ਮਾਹਿਰਾਂ ਨੇ ਦੱਸਿਆ ਕਿ ਨਸ਼ੇ ਦੇ ਵਧਦੇ ਪ੍ਰਭਾਵ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਬਰਬਾਦ ਹੋ ਰਿਹਾ ਹੈ ਬਲਕਿ ਪਰਿਵਾਰ ਤੇ ਸਮਾਜ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ | ਇਸ ਮੌਕੇ ਪਰਿਵਰਤਨ ਟਰੱਸਟ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਸਿਹਤ ਕਰਮਚਾਰੀ ਨਸ਼ੇ ਨੂੰ ਰੋਕਣ ਵਿਚ ਸਭ ਤੋਂ ਮਹੱਤਵਪੂਰਨ ਕੜੀ ਹਨ | ਵਰਕਸ਼ਾਪ ਦੇ ਅੰਤ ਵਿਚ ਸਮੂਹ ਪੈਰਾ-ਮੈਡੀਕਲ ਸਟਾਫ ਨੂੰ ਨਸ਼ਾ-ਮੁਕਤ ਸਮਾਜ ਬਣਾਉਣ ਲਈ ਸਹੀ ਜਾਣਕਾਰੀ ਫੈਲਾਉਣ ਤੇ ਲੋਕਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ | ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾ. ਰਾਜੇਸ਼ ਮਿੱਤਲ, ਡਾ. ਨਿਸ਼ਾ ਬਾਂਸਲ ਐਸ. ਐਮ. ਓ. ਢੁੱਡੀਕੇ ਤੇ ਹੋਰ ਸਟਾਫ ਵੀ ਹਾਜ਼ਰ ਸੀ |