ਸਮਾਧ ਭਾਈ, 20 ਨਵੰਬਰ (ਜਗਰੂਪ ਸਿੰਘ ਸਰੋਆ)-ਭਾਈ ਰੂਪ ਚੰਦ ਕਾਨਵੈਂਟ ਸਕੂਲ ਸਮਾਧ ਭਾਈ (ਮੋਗਾ) ਦੇ ਵਿਦਿਆਰਥੀਆਂ ਨੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਵਿਪੁਲ ਸਿੰਘਲ ਤੇ ਨੋਇਡਾ ਫ਼ਿਲਮ ਸਿਟੀ ਦੇ ਸੰਸਥਾਪਕ ਡਾ. ਸੰਦੀਪ ਮਾਰਵਾਹ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੇ ਵਿਚਾਰ ਜਾਣੇ | ਇਸ ਸਮੇਂ ਰਾਜਧਾਨੀ ਦਿੱਲੀ ਵਿਖੇ ਪਹਿਲਾਂ ਸਕੂਲ ਦੇ ਵਿਦਿਆਰਥੀਆਂ, ਪਿ੍ੰਸੀਪਲ ਕਿਰਨਾ ਰਾਣੀ ਤੇ 4 ਅਧਿਆਪਕ ਸਾਹਿਬਾਨਾਂ ਨੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਵਿਪੁਲ ਸਿੰਘਲ ਨਾਲ ਮੁਲਾਕਾਤ ਕੀਤੀ ਤੇ ਮਹੱਤਵਪੂਰਨ ਜਾਣਕਾਰੀ ਹਾਸਲ ਕਰਨ ਉਪਰੰਤ ਵਿਦਿਆਰਥੀਆਂ ਨੂੰ ਦੇਸ਼ ਦੇ ਯੋਧਿਆਂ ਦੀ ਯਾਦਗਾਰ ਵਾਰ ਮੈਮੋਰੀਅਲ ਦਿਖਾਇਆ ਗਿਆ ਤੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿਚ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਨੋਇਡਾ ਫ਼ਿਲਮ ਸਿਟੀ, ਮਾਰਵਾਹ ਸਟੂਡੀਓ ਤੇ ਏਸ਼ੀਅਨ ਅਕੈਡਮੀ ਆਫ਼ ਫ਼ਿਲਮ ਐਂਡ ਟੈਲੀਵਿਜ਼ਨ ਦੇ ਸੰਸਥਾਪਕ ਵਜੋਂ ਜਾਣੇ ਜਾਂਦੇ 7 ਵਿਸ਼ਵ ਰਿਕਾਰਡ ਰਚੇਤਾ ਪ੍ਰਸਿੱਧ ਅੰਤਰ-ਰਾਸ਼ਟਰੀ ਮੀਡੀਆ ਸ਼ਖ਼ਸੀਅਤ ਡਾ. ਸੰਦੀਪ ਮਾਰਵਾਹ ਨਾਲ ਮਿਲਾਇਆ ਗਿਆ ਜਿੱਥੇ ਪਦਮ ਸ੍ਰੀ ਨਲਿਨੀ ਕਮਲਨੀ, ਡਾ. ਨੀਤੂ ਕੁਮਾਰੀ ਨੂਤਨ, ਨੀਲਕਸ਼ ਸਕਸੈਨਾ ਤੇ ਡਾ. ਮਾਨਬ ਪਰਾਈ ਵੀ ਹਾਜ਼ਰ ਸਨ | ਇਸ ਸਮੇਂ ਵਿਦਿਆਰਥੀਆਂ ਨੇ ਏ.ਏ.ਐਫ.ਟੀ. ਸਕੂਲ ਆਫ਼ ਮਿਊਜ਼ਿਕ ਦੁਆਰਾ ਕਰਵਾਏ ਭਾਰਤੀ ਕਲਾ ਮਹਾਂਉਤਸਵ ਦਾ ਅਨੰਦ ਵੀ ਮਾਣਿਆ | ਇਸ ਸਮੇਂ ਪਿ੍ੰਸੀਪਲ ਕਿਰਨਾ ਰਾਣੀ, ਡਾ. ਅਮਨਦੀਪ ਕੌਰ, ਹਰਜੀਵਨ ਸਿੰਘ, ਕਰਮਦੀਪ ਕੌਰ, ਪ੍ਰੀਤੀ ਬਾਲਾ ਤੇ ਵਿਦਿਆਰਥੀਆਂ ਨੂੰ ਸੰਸਥਾ ਵਲੋਂ ਸਰਟੀਫਿਕੇਟ ਦੇ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅਤੇ ਹੋਰ ਪ੍ਰਸਿੱਧ ਸਥਾਨਾਂ ਦੇ ਦਰਸ਼ਨ ਕਰਵਾਏ ਗਏ | ਇਸ ਪ੍ਰਾਪਤੀ ਲਈ ਚੇਅਰਮੈਨ ਲਾਭ ਸਿੰਘ ਖੋਖਰ ਤੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਨੇ ਪਿ੍ੰ. ਕਿਰਨਾ ਰਾਣੀ ਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ |