ਸਮਾਲਸਰ, 20 ਨਵੰਬਰ (ਗੁਰਜੰਟ ਕਲਸੀ ਲੰਡੇ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਲੋਂ ਆਰੀਅਨ ਕਾਲਜ ਰਾਜਪੁਰਾ ਵਿਖੇ ਯੂਥ ਫ਼ੈਸਟੀਵਲ 2025 ਕਰਵਾਇਆ ਗਿਆ ਜਿਸ 'ਚ ਪੀ.ਆਈ.ਟੀ.ਜੀ.ਟੀ.ਬੀ. ਗੜ੍ਹ ਮੋਗਾ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਆਪਣੀ ਕਲਾ, ਹੁਨਰ ਤੇ ਆਤਮ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ | ਦੋ ਦਿਨਾਂ ਰੋਜ਼ਾ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਲਿਟਰੇਰੀ ਈਵੈਂਟ, ਡਰਾਮਾ, ਪੇਂਟਿੰਗ, ਰੰਗੋਲੀ, ਲੋਕ ਸੰਗੀਤ, ਜ਼ਬਾਨੀ ਮੁਕਾਬਲੇ ਜਿਵੇਂ ਕਿ ਭਾਸ਼ਣ ਤੇ ਵਿਵਾਦ ਮੁਕਾਬਲੇ 'ਚ ਭਰਪੂਰ ਭਾਗ ਲਿਆ | ਇਸ ਮੌਕੇ ਹਾਜ਼ਰ ਮਹਿਮਾਨਾਂ ਨੇ ਯੁਵਕਾਂ ਨੂੰ ਰਾਸ਼ਟਰ-ਨਿਰਮਾਣ ਵਿਚ ਆਪਣੀ ਪ੍ਰਤਿਸ਼ਠਾ ਨਿਭਾਉਣ ਦੇ ਲਈ ਪ੍ਰੇਰਿਤ ਕੀਤਾ ਜਿਸ 'ਚ ਸੰਸਥਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕਲਾ 'ਚ ਮੱਲਾਂ ਮਾਰੀਆਂ ਜਿਵੇਂ ਕਿ ਸ਼ਹਿਬਾਜ ਸਿੰਘ ਨੂੰ ਨਾਟਕ ਵਿਚ ਬੈਸਟ ਐਕਟਰ ਦਾ ਅਵਾਰਡ, ਖ਼ੁਸ਼ਦੀਪ ਕੌਰ ਕੋਲਾਜ ਮੇਕਿੰਗ ਤੀਜਾ ਸਥਾਨ, ਰਮਨਦੀਪ ਕੌਰ ਰੰਗੋਲੀ ਮੇਕਿੰਗ ਤੀਜਾ ਸਥਾਨ, ਸ਼ਿਵਾਨੀ ਕਿ੍ਏਟਿਵ ਰਾਈਟਿੰਗ ਦੂਜਾ ਸਥਾਨ, ਜਸਦੀਪ ਸਿੰਘ, ਮਹਿਕਦੀਪ ਕੌਰ, ਦਿਲਦੀਪ ਕੌਰ, ਮੁਸਕਾਨ ਕੌਰ, ਨਿਤਿਕਾ ਤੇ ਜਸਪ੍ਰੀਤ ਕੌਰ ਨੇ ਸਕਿੱਟ ਪਲੇਅ ਕਰਨ ਵਿਚ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ | ਪਹਿਲੀਆਂ, ਦੂਜੀਆਂ ਤੇ ਤੀਜੀਆਂ ਪੁਜ਼ੀਸ਼ਨਾਂ 'ਤੇ ਆਏ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਦੇ ਕਾਲਜ ਪਹੁੰਚਣ 'ਤੇ ਸੰਸਥਾ ਮੁਖੀ ਡਾ. ਅਮਿਤ ਕੁਮਾਰ ਮਨੋਚਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਯਕੀਨ ਦਿਵਾਇਆ ਕਿ ਅਜਿਹੇ ਮੇਲੇ ਪ੍ਰਤੀ ਸਾਲ ਕਰਵਾਏ ਜਾਣਗੇ | ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਵਲੋਂ ਪੋ੍ਰਗਰਾਮ ਦੇ ਕੋਆਰਡੀਨੇਟਰ, ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ |