ਨੱਥੂਵਾਲਾ ਗਰਬੀ, 18 ਨਵੰਬਰ (ਨਵਦੀਪ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਜਥੇਬੰਦੀ ਦੇ ਕੌਮੀ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਦੀ ਅਗਵਾਈ 'ਚ ਮੀਟਿੰਗ ਪਿੰਡ ਭਲੂਰ ਵਿਖੇ ਹੋਈ | ਮੀਟਿੰਗ 'ਚ ਵੱਡੀ ਗਿਣਤੀ 'ਚ ਕਿਸਾਨ, ਮਜ਼ਦੂਰ ਵੀਰਾਂ ਨੇ ਸ਼ਮੂਲੀਅਤ ਕੀਤੀ | ਇਸ ਭਰਵੀਂ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਲਾਦੀਆਂ ਨੇ ਬੋਲਦਿਆਂ ਜਥੇਬੰਦੀ ਦੇ ਸੰਵਿਧਾਨ ਬਾਰੇ ਚਾਨਣਾ ਪਾਇਆ ਤੇ ਕਿਹਾ ਕਿ ਇਹ ਜਥੇਬੰਦੀ ਕਿਸਾਨ ਭਰਾਵਾਂ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਮਜ਼ਦੂਰ ਵੀਰਾਂ ਦੀਆਂ ਸਮੱਸਿਆਵਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰੇਗੀ | ਇਸ ਵਾਸਤੇ ਜਥੇਬੰਦੀ 'ਚ ਮਜ਼ਦੂਰ ਵੀਰਾਂ ਨੂੰ ਵੀ ਬਰਾਬਰ ਮਾਣ ਸਤਿਕਾਰ ਦਿੱਤਾ ਜਾਵੇਗਾ ਤੇ ਜਥੇਬੰਦੀ ਦਾ ਮਜ਼ਦੂਰ ਵਿੰਗ ਬਣਾ ਕੇ ਮਜ਼ਦੂਰਾਂ ਨੂੰ ਅਹੁਦੇ ਦਿੱਤੇ ਜਾਣਗੇ | ਮੀਟਿੰਗ ਦੌਰਾਨ ਵੱਖ-ਵੱਖ ਜ਼ਿਲਿ੍ਹਆਂ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਨਿਯੁਕਤ ਕੀਤੇ ਗਏ | ਜਿਸ 'ਚ ਜ਼ਿਲ੍ਹਾ ਮੋਗਾ ਦਿਹਾਤੀ ਦੇ ਪ੍ਰਧਾਨ ਬਲਜੀਤ ਸਿੰਘ (ਐਕਟਿੰਗ), ਜ਼ਿਲ੍ਹਾ ਮੋਗਾ ਸ਼ਹਿਰੀ ਦੇ ਪ੍ਰਧਾਨ ਹਰਵਿੰਦਰ ਸਿੰਘ ਹੈਰੀ, ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਸਾਬਕਾ ਬੈਂਕ ਮੈਨੇਜਰ ਹਰਮਿੰਦਰਪਾਲ ਸਿੰਘ ਨਾਥੇਵਾਲਾ ਨਿਯੁਕਤ ਕੀਤੇ ਗਏ | ਮੀਟਿੰਗ 'ਚ ਵੱਡੀ ਗਿਣਤੀ 'ਚ ਪਹੁੰਚੇ ਹੋਏ ਕਿਸਾਨ ਭਰਾਵਾਂ ਦਾ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਭਲੂਰ ਨੇ ਧੰਨਵਾਦ ਕੀਤਾ | ਕੌਮੀ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਨੇ ਕਿਹਾ ਕਿ ਬਹੁਤ ਜਲਦ ਪੰਜਾਬ ਦੇ ਬਾਕੀ ਜ਼ਿਲਿ੍ਹਆਂ 'ਚ ਵੀ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਅਹੁਦੇਦਾਰ ਚੁਣੇ ਜਾਣਗੇ | ਮੀਟਿੰਗ 'ਚ ਜਥੇਬੰਦੀ ਦੇ ਯੂਥ ਵਿੰਗ ਪੰਜਾਬ ਪ੍ਰਧਾਨ ਕੁਲਦੀਪ ਸਿੰਘ ਨੇਤਾ, ਮੀਤ ਪ੍ਰਧਾਨ ਪੰਜਾਬ ਨਾਨਕ ਸਿੰਘ ਫੱਕਰਸਰ, ਜਸਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ, ਪਰਮਜੀਤ ਸਿੰਘ ਤਲਵੰਡੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਆਦਿ ਕਿਸਾਨ ਭਰਾ ਹਾਜ਼ਰ ਸਨ |