ਨੱਥੂਵਾਲਾ ਗਰਬੀ, 7 ਨਵੰਬਰ (ਨਵਦੀਪ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਨੇ ਇਕ ਵਾਰ ਫਿਰ ਪੰਜਾਬ ਨਾਲ ਮਤਰੇਆ ਵਾਂਗ ਫ਼ੈਸਲਾ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਹੈ ਅਤੇ ਇਸ 'ਤੇ ਸਿੱਧੇ ਤੌਰ ਤੇ ਆਪਣਾ ਅਧਿਕਾਰ ਜਮਾ ਲਿਆ ਹੈ ਜੋ ਕਿ ਸਰਾਸਰ ਪੰਜਾਬ ਨਾਲ ਧੱਕੇਸ਼ਾਹੀ ਹੈ ਅਤੇ ਇਹ ਮਾਰੂ ਫ਼ੈਸਲੇ ਨਾਲ ਇਕ ਵਾਰ ਫਿਰ ਸਾਬਤ ਹੋ ਗਿਆ ਕਿ ਕੇਂਦਰ ਸਰਕਾਰ ਪੰਜਾਬ ਨੂੰ ਖ਼ਤਮ ਕਰਨ ਵਾਸਤੇ ਹਰ ਹੀਲਾ ਆਪਣਾ ਰਹੀ ਹੈ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਕਾਲੇਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਵਿਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਪਰ ਉਨ੍ਹਾਂ ਦੀਆਂ ਨੀਤੀਆਂ ਹਮੇਸ਼ਾ ਪੰਜਾਬ ਮਾਰੂ ਹੀ ਰਹੀਆਂ ਹਨ | ਪੰਜਾਬ ਨੂੰ ਕਦੇ ਦੇਸ਼ ਦੀ ਵੰਡ, ਕਦੇ ਭਾਸ਼ਾ ਦੇ ਅਧਾਰ 'ਤੇ ਵੰਡਿਆਂ ਗਿਆ, ਫਿਰ ਇਸ ਦੇ ਅਦਾਰਿਆਂ ਤੇ ਅਸਿੱਧੇ/ਸਿੱਧੇ ਤੌਰ ਤੇ ਅਧਿਕਾਰ ਜਮਾਏ ਗਏ | ਪੰਜਾਬ ਦੇ ਸੈਂਕੜੇ ਪਿੰਡ ਉਜਾੜ ਕੇ ਬਣਾਇਆ ਗਿਆ ਚੰਡੀਗੜ੍ਹ ਹੌਲੀ ਹੌਲੀ ਪੰਜਾਬ ਤੋਂ ਖੋਹਿਆ ਗਿਆ, ਭਾਖੜਾ ਡੈਮ ਪੰਜਾਬ ਤੋਂ ਖੋਹਿਆ ਗਿਆ ਹੁਣ ਸਿੱਧੇ ਤੌਰ 'ਤੇ ਪੰਜਾਬ ਯੂਨੀਵਰਸਿਟੀ ਵੀ ਖੋਹ ਲਈ ਗਈ ਹੈ, ਜੋ ਕਿ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਇਹ ਕਦਮ, ਭਾਜਪਾ ਦਾ ਪੰਜਾਬ ਮਾਰੂ ਚਿਹਰਾ ਨੰਗਾ ਕਰਦਾ ਹੈ, ਜਿਸ ਦਾ ਸਾਨੂੰ ਸਾਰਿਆ ਨੂੰ ਰਲਕੇ ਵਿਰੋਧ ਕਰਨਾ ਚਾਹੀਦਾ ਹੈ |