ਮੋਗਾ, 31 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਅਤੇ ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ ਦੇ ਸਾਂਝੇ ਸਹਿਯੋਗ ਨਾਲ ਉਮੀਦ ਪਹਿਲਕਦਮੀ ਤਹਿਤ ਸਿਵਲ ਹਸਪਤਾਲ ਮੋਗਾ ਦੇ ਜੱਚਾ-ਬੱਚਾ ਵਾਰਡ ਵਿਚ ਜੈਨੇਟਿਕ ਸਿਹਤ ਸੇਵਾਵਾਂ ਨੂੰ ਮਜ਼ਬੂਤੀ ਦਿੰਦਿਆਂ ਜੈਨੇਟਿਕ ਜਾਂਚ ਲੈਬ ਖੋਲ੍ਹੀ ਗਈ ਹੈ ਜਿੱਥੇ ਗਰਭਵਤੀ ਔਰਤਾਂ ਨੂੰ ਜੈਨੇਟਿਕ ਸਕਰੀਨਿੰਗ ਤੇ ਕੌਂਸਲਿੰਗ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਹੈ | ਇਸ ਸਕਰੀਨਿੰਗ ਵਿਚ ਇਲਾਜਯੋਗ ਜੈਨੇਟਿਕ ਵਿਕਾਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿਚ ਜਮਾਂਦਰੂ ਹਾਈਪੋਥਾਈਰੋਡਿਜ਼ਮ, ਜਮਾਂਦਰੂ ਐਡਰੀਨਲ ਹਾਈਪਰਪਲਅਸੀਆ, ਗੈਲੇਕਟੋਸੇਮੀਆ, ਥੈਲੇਸੀਮੀਆ, ਜੀ 6 ਪੀ.ਡੀ. ਦੀ ਘਾਟ ਅਤੇ ਬਾਇਓਟਿਨੀਡੇਜ਼ ਦੀ ਘਾਟ, ਸੁੱਕੇ ਖ਼ੂਨ ਦੇ ਚਟਾਕ ਦੀ ਜਾਂਚ ਆਦਿ ਸ਼ਾਮਿਲ ਹਨ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦਿੱਤੀ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲੈਬ ਦੀ ਸਹਾਇਤਾ ਨਾਲ ਬੱਚਿਆਂ ਦੀਆਂ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦਾ ਜਨਮ ਲੈਣ ਤੋਂ ਪਹਿਲਾਂ ਹੀ ਪਤਾ ਲਗਾਇਆ ਜਾ ਸਕਦਾ ਹੈ ਜਿਸ ਦਾ ਤਹਿ ਸਮੇਂ ਵਿਚ ਇਲਾਜ ਵੀ ਸੰਭਵ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਮੋਗਾ ਦੇ ਲੋਕਾਂ ਲਈ ਇਹ ਪ੍ਰੋਜੈਕਟ ਮਾਵਾਂ ਅਤੇ ਨਵ-ਜੰਮੇ ਬੱਚਿਆਂ ਦੀ ਸਿਹਤ ਸੁਧਾਰ ਲਈ ਕ੍ਰਾਂਤੀਕਾਰੀ ਕਦਮ ਹੈ, ਇਸ ਪ੍ਰੋਜੈਕਟ ਦਾ ਉਦੇਸ਼ ਸ਼ੁਰੂਆਤੀ ਪੜਾਵਾਂ 'ਤੇ ਜੈਨੇਟਿਕ ਰੋਗਾਂ ਦੀ ਜਾਂਚ ਕਰ ਕੇ ਜਾਨਾਂ ਬਚਾਉਣਾ ਅਤੇ ਪਰਿਵਾਰਾਂ ਦੀ ਸਿਹਤ ਸੰਭਾਲ ਕਰਨਾ ਹੈ | ਉਨ੍ਹਾਂ ਦੱਸਿਆ ਕਿ ਮੋਗਾ ਵਿਚ ਲਗ-ਪਗ 10 ਹਜ਼ਾਰ ਗਰਭਵਤੀ ਔਰਤਾਂ ਦੀ ਐਚ.ਬੀ.ਏ.-2 ਪੱਧਰ ਦੀ ਸਕਰੀਨਿੰਗ ਹਾਈ-ਪਰਫਾਰਮੈਂਸ ਲਿਕਵਿਡ ਕ੍ਰੋਮੈਟੋਗ੍ਰਾਫੀ ਦੀ ਵਰਤੋਂ ਕਰ ਕੇ ਥੈਲੇਸੀਮੀਆ ਵਿਕਾਰਾ ਦਾ ਪਤਾ ਲਗਾਇਆ ਜਾਵੇਗਾ | ਜੇਕਰ ਦੋਵੇਂ ਸਾਥੀ (ਪਤੀ-ਪਤਨੀ) ਸੰਭਾਵੀ ਤੌਰ 'ਤੇ ਜੈਨੇਟਿਕ ਵਿਕਾਰ ਥੈਲੇਸੀਮੀਆ ਵਜੋਂ ਪਛਾਣੇ ਜਾਂਦੇ ਹਨ ਤਾਂ ਜਣੇਪੇ ਤੋਂ ਪਹਿਲਾਂ ਦੇ ਸਾਰੇ ਲੋੜੀਂਦੇ ਟੈਸਟ ਕਰਵਾਏ ਜਾਣਗੇ | ਇਸ ਪ੍ਰੋਗਰਾਮ ਦੇ ਤਹਿਤ ਸਾਰੀਆਂ ਗਰਭਵਤੀ ਔਰਤਾਂ ਲੈਬ ਵਿਚ ਖ਼ੂਨ ਦਾ ਨਮੂਨਾ ਦੇ ਕੇ ਥੈਲੇਸੀਮੀਆ ਦੇ ਲੱਛਣ ਦੀ ਜਾਂਚ ਕਰਵਾ ਸਕਦੀਆਂ ਹਨ | ਇਸ ਤੋਂ ਇਲਾਵਾ ਲਗ-ਪਗ 5000 ਨਵ-ਜੰਮੇ ਬੱਚਿਆਂ ਦੀ ਆਮ, ਇਲਾਜਯੋਗ ਜੈਨੇਟਿਕ ਵਿਕਾਰਾਂ ਲਈ ਜਾਂਚ ਕੀਤੀ ਜਾਵੇਗੀ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਤਹਿਤ ਜਨਵਰੀ 2025 ਤੋਂ ਹੁਣ ਤੱਕ ਲਗ-ਪਗ 3059 ਔਰਤਾਂ ਦਾ ਜੈਨੇਟਿਕ ਵਿਕਾਰਾਂ ਲਈ ਟੈਸਟ ਕੀਤਾ ਗਿਆ ਹੈ, ਇਨ੍ਹਾਂ ਵਿਚੋਂ 102 ਔਰਤਾਂ ਵਿਚ ਜੈਨੇਟਿਕ ਬਲੱਡ ਡਿਸਆਰਡਰ ਵਿਕਾਰ ਪਾਏ ਗਏ | ਇਸ ਤੋਂ ਇਲਾਵਾ 1029 ਬੱਚਿਆਂ ਦਾ ਵੀ ਇਹ ਟੈਸਟ ਕੀਤਾ ਗਿਆ ਹੈ | ਇਸ ਪ੍ਰੋਜੈਕਟ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਬਾਇਉਟੈਕਨਾਲੋਜੀ ਵਿਭਾਗ (ਡੀਬੀਟੀ) ਦੁਆਰਾ ਐਸਪੀਰੇਸ਼ਨਲ ਡਿਸਟਿ੍ਕਟ ਪ੍ਰੋਗਰਾਮ ਤਹਿਤ ਲਾਗੂ ਕੀਤਾ ਗਿਆ ਹੈ | ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਸਾਰੇ ਆਮ ਆਦਮੀ ਕਲੀਨਿਕਾਂ, ਹੈਲਥ ਸੈਂਟਰਾਂ, ਆਂਗਣਵਾੜੀ ਕੇਂਦਰਾਂ ਵਿਚ ਗਰਭਵਤੀ ਔਰਤਾਂ ਨੂੰ ਇਸ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਜੱਚੇ ਬੱਚਿਆਂ ਦੀ ਸਕਰੀਨਿੰਗ ਇਸ ਲੈਬ ਜਰੀਏ ਕਰਵਾਈ ਜਾ ਸਕੇ | ਸਾਗਰ ਸੇਤੀਆ ਵਲੋਂ ਆਮ ਲੋਕਾਂ ਨੂੰ ਅਪੀਲ ਕਿ ਇਸ ਸਕੀਮ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦੇ ਹੋਏ ਹਰ ਲਾਭਪਾਤਰੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਜੈਨੇਟਿਕ ਵਿਕਾਰਾ ਦਾ ਸਮੇਂ ਸਿਰ ਪਤਾ ਲੱਗ ਸਕੇ ਅਤੇ ਇਲਾਜ ਹੋ ਸਕੇ |