ਸਮਾਲਸਰ, 31 ਅਗਸਤ (ਟਿੰਕੂ ਕਾਠਪਾਲ)-ਸਰਪੰਚ ਰਾਜਾ ਮੱਲਕੇ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ, ਜਦੋਂ ਵੀ ਕਦੇ ਵੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਲੋੜ ਹੁੰਦੀ ਹੈ ਤਾਂ ਉਹ ਅੱਗੇ ਹੋ ਕੇ ਉਨ੍ਹਾਂ ਦੀ ਮਦਦ ਕਰਦੇ ਹਨ, ਜਿਸ ਕਰ ਕੇ ਪਿੰਡ ਮੱਲਕੇ ਵਿਚ ਹੀ ਨਹੀਂ ਸਗੋਂ ਹਲਕਾ ਬਾਘਾ ਪੁਰਾਣਾ ਅੰਦਰ ਸਰਪੰਚ ਰਾਜਾ ਮੱਲਕੇ ਦਾ ਵੱਡਾ ਨਾਮ ਹੈ ਅਤੇ ਹੁਣ ਜਦੋਂ ਸੂਬੇ ਦੇ ਕਈ ਜ਼ਿਲਿਆਂ ਅੰਦਰ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤਾਂ ਉਹ ਹੜ੍ਹ ਪੀੜਤਾਂ ਦੀ ਮਦਦ ਕਰਨ ਤੋਂ ਵੀ ਪਿੱਛੇ ਨਹੀਂ ਹਟੇ ਅਤੇ ਉਨ੍ਹਾਂ ਦੀ ਅਗਵਾਈ ਹੇਠ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ ਵਲੋਂ ਹੜ੍ਹ ਪੀੜਤ ਖੇਤਰਾਂ ਲਈ ਅਚਾਰ ਨਾਲ ਭਰੀਆਂ ਟਰਾਲੀਆਂ ਨੂੰ ਰਵਾਨਾ ਕੀਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਰਾਜਾ ਮੱਲਕੇ ਨੇ ਆਖਿਆ ਕਿ ਸਾਨੂੰ ਇਸ ਮੁਸੀਬਤ ਦੀ ਘੜੀ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪੀੜਤ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ ਅਤੇ ਹਰ ਇਕ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜਾ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਰਾਹਤ ਮਹਿਸੂਸ ਹੋ ਸਕੇ | ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦੇ ਕੰਮ ਕਰ ਕੇ ਉਨ੍ਹਾਂ ਦੇ ਮਨ ਨੂੰ ਸਕੂਨ ਮਿਲਦਾ ਹੈ, ਜਿਸ ਕਰ ਕੇ ਉਹ ਆਪਣੇ ਰੋਜ਼ਾਨਾ ਜੀਵਨ ਵਿਚ ਸਮਾਜ ਸੇਵਾ ਦੇ ਕੰਮਾਂ ਨੂੰ ਪਹਿਲ ਦਿੰਦੇ ਹਨ | ਇਸ ਮੌਕੇ ਸਰਪੰਚ ਰਾਜਾ ਮੱਲਕੇ ਦੇ ਨਾਲ ਰਤਨ ਸਿੰਘ, ਪਾਲ ਸਿੰਘ, ਮਨਦੀਪ ਸਿੰਘ, ਸੀਰਾ ਸਿੰਘ, ਦਵਿੰਦਰ ਸਿੰਘ, ਬਚਿੱਤਰ ਸਿੰਘ, ਸਹਿਜਪ੍ਰੀਤ ਸਿੰਘ, ਪਰਮਿੰਦਰ ਸਿੰਘ, ਮਾਸਟਰ ਬਲਜੀਤ ਸਿੰਘ ਦੇ ਇਲਾਵਾ ਪਿੰਡ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ ਜਿਨ੍ਹਾਂ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪਿੰਡ ਦੇ ਸਰਪੰਚ ਰਾਜਾ ਮੱਲਕੇ ਦੀ ਅਗਵਾਈ ਪਿੰਡ ਵਿਚੋਂ ਹੋਰ ਵੀ ਰਾਹਤ ਸਮਗਰੀ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਭੇਜਣਗੇ | ਅਖੀਰ ਵਿਚ ਸਰਪੰਚ ਰਾਜਾ ਨੇ ਆਖਿਆ ਕਿ ਸਰਕਾਰ ਤਾਂ ਆਪਣਾ ਕੰਮ ਕਰ ਹੀ ਰਹੀ ਅਤੇ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਆਪਣੇ ਭੈਣ ਭਰਾਵਾਂ ਨਾਲ ਇਸ ਮੁਸੀਬਤ ਦੀ ਘੜੀ ਵਿਚ ਖੜ੍ਹੀਏ |