ਜੈਤੋ, 20 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਸ਼ਹਿਰ ਦੇ ਵਾਰਡਾਂ ਤੇ ਪਿੰਡ 'ਚ ਸਫ਼ਾਈ ਅਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਐਨਾ ਬੁਰਾ ਹਾਲ ਹੋ ਚੁੱਕਾ ਹੈ ਕਿ ਲੋਕਾਂ ਨੂੰ ਬਿਮਾਰੀਆਂ ਫ਼ੈਲਣ ਦਾ ਡਰ ਬਣ ਚੁੱਕਾ ਹੈ | ਲਾਈਨੋਂ ਪਾਰ ਵਾਰਡ ਨੰਬਰ : 17 (ਡਾ. ਅੰਬੇਡਕਰ ਨਗਰ) ਅਤੇ ਸ਼ਹਿਰ ਦੇ ਨੀਵੇਂ ਇਲਾਕੀਆਂ ਦੀਆਂ ਗਲੀਆਂ 'ਚ ਪਿਛਲੇ ਕਈ ਦਿਨਾਂ ਤੋਂ ਖੜਿ੍ਹਆ ਸੀਵਰੇਜ ਦਾ ਗੰਦਾ ਪਾਣੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ | ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਵੜਣ ਕਾਰਨ ਘਰਾਂ ਦਾ ਸਾਮਾਨ ਵੀ ਖ਼ਰਾਬ ਹੋ ਰਿਹਾ ਹੈ | ਪੀੜਤ ਲੋਕਾਂ ਵਲੋਂ ਪ੍ਰਸ਼ਾਸਨ ਨੂੰ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਸੰਬੰਧਿਤ ਵਿਭਾਗ ਦੇ ਕੰਨ੍ਹ 'ਤੇ ਜੰੂ ਨਹੀਂ ਸਰਕਦੀ ਨਜ਼ਰ ਆ ਰਹੀ | ਪ੍ਰਸ਼ਾਸਨ ਵਲੋਂ ਗਲੀਆਂ ਮੁਹੱਲਿਆਂ ਦੀ ਸਫ਼ਾਈ ਤੇ ਗੰਦੇ ਪਾਣੀ ਦੀ ਨਿਕਾਸੀ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਉਨ੍ਹਾਂ ਸੰਬੰਧਿਤ ਵਿਭਾਗ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਗਰੀਬ ਲੋਕ ਹਰ ਰੋਜ਼ ਆਪਣੀ ਦਿਹਾੜੀ ਛੱਡ ਕੇ ਸੰਬੰਧਿਤ ਅਧਿਕਾਰੀਆਂ ਨੂੰ ਦੱਸਣ ਨਹੀਂ ਜਾ ਸਕਦੇ | ਔਰਤਾਂ ਨੇ ਆਪਣਾ ਰੋਸ ਜ਼ਾਹਿਰ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਤੇ ਸਿਆਸੀ ਆਗੂਆਂ ਨੂੰ ਕੋਸਦਿਆਂ ਕਿਹਾ ਕਿ ਰੋਜ਼ੀ ਰੋਟੀ ਲਈ ਜੂਝਣ ਵਾਲੇ ਲੋਕਾਂ ਦਾ ਵੋਟਾਂ ਦੇ ਦਿਨਾਂ 'ਚ ਹੀ ਧਿਆਨ ਰੱਖਿਆ ਜਾਂਦਾ ਹੈ | ਉਕਤ ਵਾਰਡ ਦੇ ਬੱਚਿਆਂ ਨੂੰ ਸਕੂਲ ਜਾਣ 'ਚ ਵੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਾਰਡ ਨੰਬਰ 12 ਦੀ ਗੱਲ ਕਰੀਏ ਤਾਂ ਸ਼ਹਿਰ ਦਾ ਸਭ ਤੋਂ ਨੀਵਾਂ ਇਲਾਕਾ ਹੋਣ ਕਾਰਨ ਉਥੋਂ ਦੇ ਬਾਸ਼ਿੰਦਿਆਂ ਨੂੰ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਤੇ ਵਾਟਰ ਸਪਲਾਈ (ਪੀਣ ਵਾਲੇ ਪਾਣੀ) ਦੀਆਂ ਪਾਈਪਾਂ 'ਚ ਗੰਦਾ ਪਾਣੀ ਆਉਣ ਕਾਰਨ ਲੋਕ ਆਪਣੇ ਘਰ ਛੱਡਣ ਨੂੰ ਮਜਬੂਰ ਰਹੇ ਹਨ | ਪੁਰਾਣੀ ਮਾਰਕੀਟ ਕਮੇਟੀ ਦੇ ਸਾਹਮਣੇ ਜਿੰਦਲ ਸਟਰੀਟ 'ਚ ਰਹਿੰਦੇ ਲੋਕਾਂ ਦੇ ਘਰਾਂ 'ਚ ਵਾਟਰ ਸਪਲਾਈ ਵਾਲੀ 'ਚ ਪਾਈਪ 'ਚ ਸੀਵਰੇਜ ਦਾ ਗੰਦਾ ਪਾਣੀ ਆਉਣ ਕਾਰਨ ਉਨ੍ਹਾਂ ਨੂੰ ਵਾਰ-ਵਾਰ ਟੈਂਕੀਆਂ ਦੀ ਸਫ਼ਾਈ ਕਰਵਾਉਣੀ ਪੈ ਰਹੀ ਹੈ | ਸ਼ਹਿਰ ਦੇ 17 ਵਾਰਡਾਂ 'ਚੋਂ 2-4 ਵਾਰਡਾਂ ਨੂੰ ਛੱਡ ਕੇ ਸਫ਼ਾਈ ਲਈ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਵਾਰ-ਵਾਰ ਵਿਭਾਗ ਨੂੰ ਸੂਚਿਤ ਕਰਨਾ ਮਜਬੂਰੀ ਬਣ ਚੁੱਕਾ ਹੈ | ਸੜਕਾਂ ਦੇ ਕਿਨਾਰੇ ਲੱਗਦੇ ਕੂੜੇ ਦੇ ਢੇਰਾਂ ਨੂੰ ਚੁੱਕਣ ਲਈ ਨਗਰ ਕੌਂਸਲ ਜੈਤੋ ਵਲੋਂ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਸ਼ਹਿਰ ਵਾਸ਼ੀਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ 'ਚ ਰੱਖਦਿਆਂ ਸੀਵਰੇਜ, ਸਫ਼ਾਈ ਤੇ ਪੀਣ ਯੋਗ ਪਾਣੀ ਸੰਬੰਧੀ ਸਮੱਸਿਆਵਾਂ ਨੂੰ ਜਲਦ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਸੰਬੰਧੀ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾਇਆ ਜਾ ਸਕੇ |