ਕਿਸ਼ਨਪੁਰਾ ਕਲਾਂ, 20 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਵਿਰੁੱਧ ਪਿੰਡਾਂ ਦੇ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਨੂੰ ਸਰਕਾਰ ਵਲੋਂ ਧੱਕੇ ਨਾਲ ਐਕਵਾਇਰ ਕਰਨ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਲੁਧਿਆਣਾ ਡੀ. ਸੀ. ਦਫ਼ਤਰ ਅੱਗੇ ਲਗਾਏ ਜਾ ਰਹੇ ਧਰਨੇ 'ਚ ਸ਼ਮੂਲੀਅਤ ਲਈ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ ਦੀ ਅਗਵਾਈ ਹੇਠ 22 ਜੁਲਾਈ ਨੂੰ ਸਵੇਰੇ 10 ਵਜੇ ਅਜੀਤਵਾਲ ਤੋਂ ਲੁਧਿਆਣਾ ਲਈ ਰਵਾਨਾ ਹੋਵੇਗਾ | 'ਅਜੀਤ' ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ ਤੇ ਹਲਕਾ ਧਰਮਕੋਟ ਦੇ ਦਿਲਾਂ ਦੀ ਧੜਕਣ ਸੀਨੀਅਰ ਆਗੂ ਰਾਜਿੰਦਰ ਸਿੰਘ ਡੱਲਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ, ਮਜ਼ਦੂਰ ਤੇ ਵਪਾਰੀਆਂ ਦੇ ਹੱਕਾਂ ਲਈ ਲੜਦੀ ਆਈ ਹੈ ਅਤੇ ਹੁਣ ਵੀ ਪੰਜਾਬ ਦੀ ਸਰਕਾਰ ਨੂੰ ਕਿਸਾਨਾਂ ਦੀ ਇਕ ਇੰਚ ਜ਼ਮੀਨ 'ਤੇ ਜਬਰੀ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ | ਪ੍ਰਧਾਨ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਅੰਦਰ ਸਾਰੇ ਪਿੰਡਾਂ 'ਚ ਅਕਾਲੀ ਦਲ ਵਲੋਂ ਮੀਟਿੰਗਾਂ ਕਰਕੇ ਲੋਕਾਂ ਨੂੰ ਸਰਕਾਰ ਦੀ ਨੀਤੀ ਵਿਰੁੱਧ ਜਾਗਰੂਕ ਕੀਤਾ ਗਿਆ ਹੈ | ਸੰਘਰਸ਼ੀ ਯੋਧਾ ਰਾਜਿੰਦਰ ਸਿੰਘ ਡੱਲਾ ਨੇ ਦੱਸਿਆ ਕਿ 22 ਜੁਲਾਈ ਨੂੰ ਅਕਾਲੀ ਦਲ ਦਾ ਧਰਨਾ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਮਜਬੂਰ ਕਰੇਗਾ | ਉਨ੍ਹਾਂ ਕਿਹਾ ਕਿ ਧਰਨੇ 'ਚ ਅਕਾਲੀ ਵਰਕਰ, ਕਿਸਾਨ ਤੇ ਹਰ ਵਰਗ ਦੇ ਲੋਕ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੇ ਕਿਉਂਕਿ ਜ਼ਮੀਨਾਂ ਨਾਲ ਹਰ ਵਰਗ ਦਾ ਰੁਜ਼ਗਾਰ ਜੁੜਿਆ ਹੋਇਆ ਹੈ | ਇਸ ਮੌਕੇ ਪ੍ਰਭਜੀਤ ਸਿੰਘ ਗਿੱਲ ਚੱਕ ਤਾਰੇ ਵਾਲਾ, ਬਲਤੇਜ ਸਿੰਘ ਖਹਿਰਾ, ਰੇਸ਼ਮ ਸਿੰਘ, ਨੰਬਰਦਾਰ ਗੁਰਜਿੰਦਰ ਸਿੰਘ, ਸਾਬਕਾ ਸਰਪੰਚ ਪਰਮਿੰਦਰ ਸਿੰਘ ਭੁੱਲਰ ਆਦਿ ਨੇ ਕਿਹਾ ਕਿ ਅਸੀਂ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿਚ ਧਰਨੇ 'ਚ ਸ਼ਾਮਿਲ ਹੋਵਾਂਗੇ |