ਠੱਠੀ ਭਾਈ, 20 ਜੁਲਾਈ (ਜਗਰੂਪ ਸਿੰਘ ਮਠਾੜੂ)-ਭਾਜਪਾ ਵਲੋਂ ਨਵੇਂ ਚਿਹਰੇ ਨੂੰ ਪਾਰਟੀ ਵਿਚ ਸ਼ਾਮਿਲ ਕਰਦਿਆਂ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ 'ਚ ਆਪਣੀ ਪਾਰਟੀ ਦੀ ਧਾਰ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਭਾਜਪਾ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਐਸ. ਪੀ. ਮੁਖਤਿਆਰ ਸਿੰਘ ਤੇ ਐਸ. ਸੀ. ਮੰਡਲ ਸਮਾਲਸਰ ਦੇ ਪ੍ਰਧਾਨ ਛਿੰਦਾ ਸਿੰਘ ਮੱਲਕੇ ਨੇ ਠੱਠੀ ਭਾਈ ਪਿੰਡ ਦੇ ਨਿਵਾਸੀ ਜਤਿੰਦਰ ਸਿੰਘ ਖੱਟਰ ਪੁੱਤਰ ਅਮਰ ਚੰਦ ਹਲਵਾਈ ਨੂੰ ਪਾਰਟੀ 'ਚ ਸ਼ਾਮਿਲ ਕਰਵਾਉਂਦੇ ਹੋਏ ਪਿੰਡ ਪ੍ਰਧਾਨ ਨਿਯੁਕਤ ਕੀਤਾ | ਇਸ ਮੌਕੇ ਜਤਿੰਦਰ ਸਿੰਘ ਖੱਟਰ ਨੇ ਭਾਜਪਾ ਪ੍ਰਤੀ ਨਿਸ਼ਠਾ ਜਤਾਉਂਦਿਆਂ ਕਿਹਾ ਕਿ ਉਹ ਪਾਰਟੀ ਦੇ ਨੈਤਿਕ ਮੂਲਾਂ 'ਤੇ ਚੱਲਦਿਆਂ ਆਪਣੇ ਪਿੰਡ ਸਮੇਤ ਹਲਕੇ 'ਚ ਪਾਰਟੀ ਦੀ ਠੋਸ ਜੜ੍ਹਾਂ ਬਣਾਉਣ ਲਈ ਸਮਰਪਿਤ ਸੇਵਾ ਦੇਣਗੇ | ਉਨ੍ਹਾਂ ਕਿਹਾ ਕਿ ਭਾਜਪਾ ਦੀ ਨੀਤੀਆਂ ਲੋਕ-ਭਲਾਈ ਲਈ ਹਨ ਤੇ ਉਹ ਹਰ ਵਰਗ, ਖ਼ਾਸ ਕਰਕੇ ਪਿਛੜੇ ਤੇ ਐਸ. ਸੀ. ਭਾਈਚਾਰੇ ਦੀ ਭਲਾਈ ਲਈ ਪਾਰਟੀ ਰਾਹੀਂ ਆਪਣੀ ਭੂਮਿਕਾ ਨਿਭਾਉਣਗੇ | ਭਾਜਪਾ ਇੰਚਾਰਜ ਐਸ. ਪੀ. ਮੁਖਤਿਆਰ ਸਿੰਘ ਤੇ ਮੰਡਲ ਸਮਾਲਸਰ ਦੇ ਪ੍ਰਧਾਨ ਸ਼ਿੰਦਾ ਸਿੰਘ ਮੱਲਕੇ ਨੇ ਕਿਹਾ ਕਿ ਪਾਰਟੀ ਨਵੇਂ ਯੁਵਕਾਂ ਤੇ ਸਮਾਜਿਕ ਤੌਰ 'ਤੇ ਸਰਗਰਮ ਲੋਕਾਂ ਨੂੰ ਮੌਕੇ ਦੇ ਰਹੀ ਹੈ, ਜੋ ਭਵਿੱਖ 'ਚ ਪਾਰਟੀ ਨੂੰ ਨਵੇਂ ਆਕਾਰ ਦਿੰਦੇ ਹੋਏ ਹਲਕਿਆਂ ਵਿਚ ਮਜ਼ਬੂਤ ਆਧਾਰ ਤੈਅ ਕਰਨਗੇ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਵਲੋਂ ਹੋਰ ਪਿੰਡਾਂ 'ਚ ਵੀ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ, ਤਾਂ ਜੋ ਪਾਰਟੀ ਢਾਂਚਾ ਹੋਰ ਮਜ਼ਬੂਤ ਕਰਕੇ ਮਿਸ਼ਨ 2027 ਨੂੰ ਕਾਮਯਾਬ ਕੀਤਾ ਜਾ ਸਕੇ |