ਕਿਸ਼ਨਪੁਰਾ ਕਲਾਂ, 19 ਜੁਲਾਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮੀਟਿੰਗ ਪਿੰਡ ਭਿੰਡਰ ਖ਼ੁਰਦ ਵਿਖੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਕਿਸ਼ਨਪੁਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਆਗੂਆਂ ਨੇ ਫ਼ੰਡਾਂ ਦੀ ਰਿਪੋਰਟ, ਨਵੀਂ ਮੈਂਬਰਸ਼ਿਪ ਤੇ ਪਿੰਡ ਕਮੇਟੀਆਂ ਦੀ ਚੋਣ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 25 ਜੁਲਾਈ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਜਬਰ ਵਿਰੋਧੀ ਕਾਨਫ਼ਰੰਸ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਦੱਸਿਆ ਕਿ ਲੈੱਡ ਪੋਲਿੰਗ ਨੀਤੀ ਅਧੀਨ ਲੁਧਿਆਣਾ 'ਚ 24 ਹਜ਼ਾਰ ਤਿੰਨ ਸੌ ਗਿਆਰਾਂ ਏਕੜ ਜ਼ਮੀਨ ਜਬਰੀ ਐਕਵਾਇਰ ਕਰਨ ਦੇ ਵਿਰੋਧ 'ਚ 30 ਜੁਲਾਈ ਨੂੰ ਜਥੇਬੰਦੀ ਵਲੋਂ ਜ਼ਿਲੇ੍ਹ ਦੇ ਸਮੂਹ ਪਿੰਡਾਂ 'ਚ ਟਰੈਕਟਰ ਮਾਰਚ ਕੱਢਿਆ ਜਾਵੇਗਾ | ਮੀਟਿੰਗ ਦੌਰਾਨ ਜ਼ਿਲ੍ਹਾ ਜਰਨਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਮੋਗਾ ਜ਼ਿਲੇ੍ਹ ਦੇ ਪੰਜ ਪਿੰਡਾਂ ਤਲਵੰਡੀ ਭੰਗੇਰੀਆਂ, ਰੌਲੀ, ਬੁੱਘੀਪੁਰਾ, ਚੁਗਾਵਾਂ ਦੀ 542 ਏਕੜ ਜ਼ਮੀਨ ਲੈੱਡ ਪਾਲਿਸ਼ ਤਹਿਤ ਜਬਰੀ ਖੋਹਣ ਜਾ ਰਹੀ ਹੈ, ਇਸ ਦੇ ਬਦਲੇ ਕਿਸਾਨ ਨੂੰ ਇਕ ਏਕੜ ਮਗਰ ਹਜ਼ਾਰ ਗਜ ਦਾ ਰਿਹਾਇਸ਼ੀ ਪਲਾਟ ਤੇ ਦੋ ਸੌ ਗਜ਼ ਦਾ ਕਮਰਸ਼ੀਅਲ ਪਲਾਟ ਦੇਣ ਦੀ ਗੱਲ ਕਰਦੀ ਹੈ, ਇਹ ਕਿੱਡੀ ਵੱਡੀ ਤ੍ਰਾਸਦੀ ਹੈ ਕਿ ਕਿਸਾਨ ਨੂੰ ਉਸ ਦੀ ਆਪਣੀ ਹੀ ਜ਼ਮੀਨ ਵਿਚੋਂ 1200 ਗਜ ਦੇ ਕੇ ਬਾਕੀ ਦੀ ਜ਼ਮੀਨ ਦੀ ਸਰਕਾਰ ਆਪ ਮਾਲਕ ਬਣਨਾ ਚਾਹੁੰਦੀ ਹੈ ਪਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੋਣ ਦੇਵੇਗੀ ਤੇ ਇਸ ਨੀਤੀ ਦੇ ਖ਼ਿਲਾਫ਼ ਡਟ ਕੇ ਸੰਘਰਸ਼ ਵਿੱਢੇਗੀ | ਇਸ ਮੌਕੇ ਸ਼ਿੰਦਰਪਾਲ ਕੌਰ, ਬਚਿੱਤਰ ਕੌਰ ਬਲਾਕ ਜਕੱਤਰ, ਪ੍ਰਦੀਪ ਸਿੰਘ, ਜਸਵੰਤ ਸਿੰਘ, ਜਗਰੂਪ ਸਿੰਘ, ਦਿਲਵੀਰ ਸਿੰਘ, ਗੁਰਦੇਵ ਸਿੰਘ, ਜਸਵੀਰ ਸਿੰਘ ਵਰੇ, ਮਨਜੀਤ ਸਿੰਘ, ਜਗਦੇਵ ਸਿੰਘ ਮੱਲ੍ਹੀ ਭਿੰਡਰ ਕਲਾਂ, ਸੁਰਜੀਤ ਸਿੰਘ, ਕੇਵਲ ਸਿੰਘ ਵਰੇ, ਜਗਦੇਵ ਸਿੰਘ, ਸੰਤੋਖ ਸਿੰਘ ਕਿਸ਼ਨਪੁਰਾ, ਨਵਦੀਪ ਸਿੰਘ, ਸਤਪਾਲ ਸਿੰਘ ਬੱਡੂਵਾਲ, ਬੂਟਾ ਸਿੰਘ, ਨਰਿੰਦਰ ਸਿੰਘ ਨਸੀਰੇ ਵਾਲਾ, ਜਗਵੀਰ ਸਿੰਘ ਭਿੰਡਰ ਖ਼ੁਰਦ ਆਦਿ ਹਾਜ਼ਰ ਸਨ |